ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕੋਆਪ੍ਰੇਟਿਵ ਸਕੱਤਰਾਂ ਨੂੰ ਝੋਨੇ ਦੀ ਪਰਾਲੀ ਸਬੰਧੀ ਦਿੱਤੀ ਗਈ ਸਿਖਲਾਈ

ਹੁਸ਼ਿਆਰਪੁਰ, 15 ਸਤੰਬਰ 2021 : ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਸਹਿਕਾਰੀ ਵਿਭਾਗ ਵਿਚ ਕੰਮ ਕਰ ਰਹੇ ਕੋਆਪ੍ਰੇਟਿਵ ਸਕੱਤਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਪੰਜਾਬ ਵਲੋਂ ਇਸ ਵਿਸ਼ੇ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਅਤੇ ਉਪਲਬੱਧ ਮਸ਼ੀਨਾਂ ਤੇ ਤਕਨੀਕ ਰਾਹੀਂ ਇਸ ਦਾ ਯੋਗ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ।
ਡਿਪਟੀ ਡਾਇਰੈਕਟਰ ਨੇ ਇਸ ਦੌਰਾਨ ਪਹੁੰਚੇ ਸਟਾਫ਼ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਦਿੱਤੀਆਂ ਜਾਣ ਵਾਲੀਆਂ ਕਿਸਾਨਾਂ ਪ੍ਰਤੀ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਝੋਨੇ ਦੀ ਪਰਾਲੀ ਸੰਭਾਲਣਾ ਅੱਜ ਦੇ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ। ਉਨ੍ਹਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਦੱਸਿਆ ਅਤੇ ਪਰਾਲੀ ਵਿਚ ਮੌਜੂਦਾ ਵੱਖ-ਵੱਖ ਤੱਤਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਪਰਾਲੀ ਨੂੰ ਬਾਇਓ ਗੈਸ ਪਲਾਂਟ, ਮਸ਼ਰੂਮ ਉਤਪਾਦਨ, ਚਾਰੇ ਦੇ ਤੌਰ ’ਤੇ, ਮਲਚ ਅਤੇ ਊਰਜਾ ਦੇ ਲਈ ਪ੍ਰਯੋਗ ਬਾਰੇ ਦੱਸਿਆ। ਉਨ੍ਹਾਂ ਸਹਿਕਾਰੀ ਸਭਾਵਾਂ, ਸੋਸਾਇਟੀਆਂ ਦੁਆਰਾ ਉਪਲਬੱਧ ਮਸ਼ੀਨਰੀ ਦਾ ਸੁਚਾਰੂ ਪ੍ਰਯੋਗ ਕਰਕੇ ਝੋਨੇ ਦੀ ਪਰਾਲੀ ਨੂੰ ਸੰਭਾਲਣ ’ਤੇ ਵੀ ਜ਼ੋਰ ਦਿੱਤਾ।
ਇਸ ਦੌਰਾਨ ਫ਼ਸਲ ਵਿਗਿਆਨ ਮਾਹਿਰ ਡਾ. ਗੁਰਪ੍ਰਤਾਪ ਸਿੰਘ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਸਬੰਧੀ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਹਾੜੀ ਦੀਆਂ ਮੁੱਖ ਫ਼ਸਲਾਂ ਦੀ ਕਾਸ਼ਤ ਬਾਰੇ ਚਾਨਣਾ ਪਾਇਆ। ਸਿਖਿਆਰਥੀਆਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਹੈਪੀ ਸੀਡਰ, ਸੁਪਰ ਸੀਡਰ, ਜ਼ੀਰੋ ਡਰਿੱਲ, ਕਟਰ, ਉਲਟਾਵਾਂ ਹੱਲ ਅਤੇ ਮਲਚਰ ਮਸ਼ੀਨਾਂ ਦੀ ਕਾਰਗੁਜਾਰੀ ਬਾਰੇ ਵਿਚ ਦੱਸਿਆ।
ਸਿਖਿਆਰਥੀਆਂ ਨੇ ਇਸ ਕੋਰਸ ਬਾਰੇ ਬਹੁਤ ਦਿਲਚਸਪੀ ਦਿਖਾਈ ਅਤੇ ਮਾਹਿਰਾਂ ਨਾਲ ਆਪਣੇ ਸ਼ੰਕਿਆਂ ਸਬੰਧੀ ਵਿਚਾਰ ਚਰਚਾ ਕੀਤੀ। ਅੰਤ ਵਿਚ ਡਾ. ਗੁਰਪ੍ਰਤਾਪ ਨੇ ਸਹਿਕਾਰੀ ਵਿਭਾਗ ਦੇ ਸਟਾਫ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ ਅਤੇ ਪਰਾਲੀ ਪ੍ਰਬੰਧਨ ਦੇ ਸੰਦੇਸ਼ ਨੂੰ ਹੋਰ ਕਿਸਾਨਾਂ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ।