ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਯੁਨਿਵਰਸਿਟੀ ਅਤੇ ਪੱਕੀ ਛੁੱਟੀ ਦਾ ਪ੍ਰਬੰਧ ਕਰੇਗੀ ਬਸਪਾ

0

ਬੁਢਲਾਡਾ, 11 ਸਤੰਬਰ 2021  : ਬਾਬਾ ਜੀਵਨ ਸਿੰਘ ਜੀ ਨੂੰ ਅਣਗੌਲਿਆਂ ਜਾਣਾ ਬਹੁਜਨ ਸਮਾਜ ਦੀ ਬੇਪੱਤੀ ਹੈ ਅਤੇ ਬਹੁਜਨ ਸਮਾਜ ਦੇ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਸਗੋਂ ਸਰਕਾਰਾਂ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਅਕਸਰ ਹੀ ਬਹੁਜਨ ਸਮਾਜ ਦੇ ਰਹਿਬਰਾਂ ਅਤੇ ਬਜ਼ੁਰਗਾਂ ਨੂੰ ਅਣਗੌਲਿਆ ਜਾਂਦਾ ਰਿਹਾ ਹੈ। ਪਰ ਹੁਣ ਜ਼ਿਆਦਾ ਸਮਾਂ ਅਜਿਹਾ ਨਹੀਂ ਹੋਣਾ ਕਿਉਂਕਿ ਬਹੁਜਨ ਸਮਾਜ ਦੇ ਲੋਕਾਂ ਨੇ ਆਪਣੀ ਖੁਦ ਦੀ ਸੱਤਾ ਵਿੱਚ ਹਿੱਸੇਦਾਰੀ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਜਦੋਂ ਸੱਤਾ ‘ਚ ਬਹੁਜਨ ਸਮਾਜ ਦੀ ਹਿੱਸੇਦਾਰੀ ਹੋਣੀ ਹੈ ਤੇ ਬਹੁਜਨ ਸਮਾਜ ਦੇ ਰਹਿਬਰਾਂ ਨੂੰ ਅਣਗੌਲਿਆਂ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਣ ਲਈ ਬਹੁਜਨ ਸਮਾਜ ਦੀ ਸਰਕਾਰ ਵਧ ਚੜ੍ਹ ਕੇ ਕੰਮ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ।

ਉਹ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਸ਼ਨੀਵਾਰ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਯਾਦ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਤ ਕਰ ਰਹੇ ਸਨ ਜਿੱਥੇ ਪ੍ਰੋਗਰਾਮ ਦੀ ਅਗਵਾਈ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕੀਤੀ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦਿਆਂ ਹੀ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਯੁਨਿਵਰਸਿਟੀ ਬਣਾਈ ਜਾਵੇਗੀ ਅਤੇ ਗਜ਼ਟਿਡ ਛੁੱਟੀ ਦਾ ਵੀ ਬਸਪਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਬਾਬਾ ਜੀਵਨ ਸਿੰਘ ਜੀ ਨੂੰ ਫੁੱਲ ਅਰਪਿਤ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ।

ਹਾਜ਼ਰ ਸੰਗਤਾਂ ਨੂੰ ਸੰਬੋਧਤ ਕਰਦਿਆਂ ਕਿਹਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਇੱਕ ਪਾਰਟੀ ਨਹੀਂ ਸਗੋਂ ਇੱਕ ਅੰਦੋਲਨ ਹੈ ਜਿਹੜਾ ਹੁਣ ਨਹੀਂ ਬੀਤੇ ਡੇੜ ਸੌ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਇਹ ਅੰਦੋਲਨ 1848 ਵਿੱਚ ਜੋਤੀਬਾ ਫੂਲੇ ਨੇ ਸ਼ੁਰੂ ਕੀਤਾ ਸੀ ਅਤੇ ਇਸ ਅੰਦੋਲਨ ਨੂੰ ਬਾਅਦ ਵਿੱਚ ਛਤਰਪਤੀ ਸਾਹੂ ਤੇ ਫਿਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਅੱਗੇ ਵਧਾਇਆ ਅਤੇ ਫਿਰ ਸਾਹਿਬ ਕਾਂਸ਼ੀ ਰਾਮ ਜੀ ਇਸ ਅੰਦੋਲਨ ਵਿੱਚ ਆਏ ਅਤੇ ਇਹ ਅੰਦੋਲਨ ਨਿਰੰਤਰ, ਨਿਰਵਿਘਨ ਚੱਲਦਾ ਆ ਰਿਹਾ ਹੈ।

ਸ. ਗੜ੍ਹੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ 1984 ਤੋਂ ਲੈ ਕੇ 1994 ਤੱਕ ਸਿੱਖ ਅੰਦੋਲਨ ਚੱਲਿਆ ਜਿਸ ਦੌਰਾਨ ਸਾਲ 1991 ਵਿਚ ਸਿੱਖ ਅੰਦੋਲਨ ਨੇ ਵੱਡੇ ਪੱਧਰ ਤੇ ਵੋਟਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ, ਪਰ ਬਸਪਾ ਦਾ ਇਹ ਅੰਦੋਲਨ ਉਸ ਸਮੇਂ ਵੀ ਨਹੀਂ ਸ ਿਰੁਕਿਆ। ਉਨ੍ਹਾਂ ਕਿਹਾ ਕਿ ਬਸਪਾ ਨੇ ਉਸ ਸਮੇਂ ਵੀ ਆਪਣਾ ਅੰਦੋਲਨ ਚੱਲਦਾ ਰੱਖਿਆ ਸੀ ਅਤੇ 1991 ਵਿੱਚ ਬਸਪਾ ਦੇ 9 ਵਿਧਾਇਕ ਬਣੇ ਸੀ। ਇਸੇ ਤਰ੍ਹਾਂ ਨਾਲ ਅੱਜ ਵੀ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਬਹੁਜਨ ਸਮਾਜ ਪਾਰਟੀ ਉਸਦਾ ਸਮਰਥਨ ਕਰਦੀ ਹੈ ਤੇ ਬਸਪਾ ਦਾ ਅੰਦੋਲਨ ਨਹੀਂ ਰੁਕੇਗਾ।ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹੈ, ਉਹ (ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ) ਵੀ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਨ ਕਿਉਂਕਿ ਬਸਪਾ ਜਿਨ੍ਹਾਂ ਦੇ ਲਈ ਲੜ ਰਹੀ ਹੈ ਉਹ ਵੀ ਦੇਸ਼ ਦੇ ਵਿੱਚ ਹਕੂਮਤਾਂ ਦੇ ਸਤਾਏ ਹੋਏ ਹਨ ਤੇ ਹਜ਼ਾਰਾਂ ਸਾਲਾਂ ਤੋਂ ਨਿਮਾਣੇ, ਨਿਆਸਰੇ, ਨਿਓਟੇ, ਨਿਪੱਤੇ, ਨਿਘਰ੍ਹੇ ਨੇ ਅਤੇ ਕਿਸਾਨਾਂ ਨੂੰ ਵੀ ਹਕੂਮਤ ਨੇ ਨਿਘਰ੍ਹਾ ਤੇ ਨਿਧਰ੍ਹਾ ਕਰ ਦਿੱਤਾ ਹੈ ਇਸਲਈ ਨਿਘਰ੍ਹੇ ਤੇ ਨਿਧਰ੍ਹੇ ਲੋਕਾਂ ਨੂੰ ਇੱਕ ਦੂਸਰੇ ਦਾ ਸਮਰਥਨ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਬਸਪਾ ਦਾ ਅੰਦੋਲਨ ਬਹੁਤ ਪੁਰਾਣਾ ਅਤੇ ਨਿਰੰਤਰ ਚੱਲਦਾ ਆ ਰਿਹਾ ਹੈ ਜੋ ਰੁਕੇਗਾ ਨਹੀਂ। ਇਸ ਮੌਕੇ ਸਥਾਨਕ ਆਗੂਆਂ ਵੱਲੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਮੇਤ ਹੋਰ ਪਤਵੰਤੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਸੂਬਾ ਜਨਰਲ ਸੱਕਤਰ ਕੁਲਦੀਪ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਮਾਖਾ, ਜ਼ਿਲ੍ਹਾ ਇੰਚਾਰਜ ਸਰਬਰ ਕੁਰੈਸ਼ੀ, ਨਗਿੰਦਰ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਸੁਖਦੇਵ ਸਿੰਘ ਭੀਖੀ, ਹਲਕਾ ਜਨਰਲ ਸਕੱਤਰ ਕੱਕੂ ਸਿੰਘ, ਜ਼ਿਲ੍ਹਾ ਸਕੱਤਰ ਤੇਜਾ ਸਿੰਘ ਬਰੇਟਾ, ਹਲਕਾ ਪ੍ਰਧਾਨ ਬਲਵੀਰ ਸਿੰਘ, ਹਲਕਾ ਇੰਚਾਰਜ ਸ਼ੇਰ ਸਿੰਘ ਸੇਠ, ਬੀ.ਵਾਈ.ਐਫ ਜ਼ਿਲ੍ਹਾ ਇੰਚਾਰਜ ਹਰਦੀਪ ਗੱਗੀ, ਲੋਕਸਭਾ ਇੰਚਾਰਜ ਰਜਿੰਦਰ ਸਿੰਘ ਭੀਖੀ, ਹਲਕਾ ਜਨਰਲ ਸਕੱਤਰ ਭੋਲਾ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ ਜੱਸਾ, ਸ਼ਹਿਰੀ ਪ੍ਰਧਾਨ ਬਲਜੀਤ ਸਿੰਘ, ਸਕੱਤਰ ਦੇਵੀ ਦਿਆਲ, ਜਗਦੀਸ਼ ਬਰੇਟਾ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed