ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਸਿੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੀ ਐਨਆਈਆਰਐਫ ਇੰਡੀਆ ਰੈਂਕਿੰਗ 2021 ਦੀ “ਯੂਨੀਵਰਸਿਟੀ ਸ਼੍ਰੇਣੀ” ਵਿੱਚ 84ਵਾਂ ਸਥਾਨ ਪ੍ਰਾਪਤ ਕੀਤਾ

0

ਬਠਿੰਡਾ, 10 ਸਤੰਬਰ 2021 : ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਮਾਨਯੋਗ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੁਆਰਾ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਵੀਰਵਾਰ ਨੂੰ ਜਾਰੀ ਕੀਤੀ ਗਈ “ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ) ਰੈਂਕਿੰਗਜ਼ 2021’ ਵਿੱਚ 84ਵਾਂ ਰੈਂਕ ਪ੍ਰਾਪਤ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਪ੍ਰਾਪਤੀ ਸਦਕਾ ਸੀਯੂਪੀਬੀ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਲਗਾਤਾਰ ਤੀਜੀ ਵਾਰ ਐਨਆਈਆਰਐਫ ਰੈਂਕਿੰਗ ਵਿੱਚ “ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ” ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਐਨਆਈਆਰਐਫ ਇੰਡੀਆ ਰੈਂਕਿੰਗ 2021 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਭਾਰਤ ਦੀਆਂ 45 ਕੇਂਦਰੀ ਯੂਨੀਵਰਸਿਟੀਆਂ ਵਿਚੋਂ 12ਵੇਂ ਸਥਾਨ ਤੇ ਰਹੀ ਹੈ।

ਚਾਂਸਲਰ ਪ੍ਰੋ. ਜਗਬੀਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ ਇੱਕ ਵਾਰ ਫਿਰ ਐਨਆਈਆਰਐਫ ਇੰਡੀਆ ਰੈਂਕਿੰਗ 2021 ਵਿੱਚ 2009 ਅਤੇ ਇਸ ਤੋਂ ਬਾਅਦ ਦੇ ਸਾਲਾਂ ਵਿੱਚ ਸਥਾਪਤ ਹੋਈਆਂ ਭਾਰਤ ਦੀਆਂ ਹੋਰ ਨਵੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਸਰਵੋਤਮ ਦਰਜੇ ਤੇ ਰਹੀ ਹੈ। ਯੂਨੀਵਰਸਿਟੀ ਨੇ ਐਨਆਈਆਰਐਫ 2019 ਵਿੱਚ 95ਵੇਂ ਰੈਂਕ ਅਤੇ ਐਨਆਈਆਰਐਫ 2020 ਵਿੱਚ 87ਵੇਂ ਰੈਂਕ ਦੀ ਤੁਲਨਾ ਵਿੱਚ ਇਸ ਸਾਲ 84ਵੇਂ ਰੈਂਕ ਦੇ ਨਾਲ ਆਪਣੀ ਐਨਆਈਆਰਐਫ ਰੈਂਕ ਵਿੱਚ ਸੁਧਾਰ ਕੀਤਾ ਹੈ।

ਇਸ ਰਿਪੋਰਟ ਵਿੱਚ, ਐਨਆਈਆਰਐਫ ਨੇ ਸਿੱਖਿਆ ਮੰਤਰਾਲੇ ਦੁਆਰਾ ਪ੍ਰਵਾਨਿਤ ਵਿਧੀ ਦੀ ਪਾਲਣਾ ਕਰਦਿਆਂ ਸਾਰੇ ਵਿਦਿਅਕ ਅਦਾਰਿਆਂ ਦਾ ਪੰਜ-ਮਾਪਦੰਡਾਂ ਦੇ ਅਧਾਰ ਤੇ ਮੁਲਾਂਕਣ ਕੀਤਾ ਹੈ। ਇਹਨਾਂ ਮਾਪਦੰਡਾਂ ਦੇ ਵੇਰਵੇ ਹਨ: “ਅਧਿਆਪਨ, ਸਿੱਖਿਆ ਅਤੇ ਸ੍ਰੋਤ,” “ਖੋਜ ਅਤੇ ਕਿੱਤਾਮੁਖੀ ਅਮਲ,” “ਗ੍ਰੈਜੂਏਸ਼ਨ ਨਤੀਜੇ,” “ਦੂਜਿਆਂ ਤੱਕ ਪਹੁੰਚ ਅਤੇ ਸਮਾਵੇਸ਼”, ਅਤੇ “ਧਾਰਨਾ”।

ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਐਨਆਈਆਰਐਫ 2021 ਵਿੱਚ ਇਸ ਸਫਲਤਾ ਦਾ ਸਿਹਰਾ ਅਧਿਆਪਕਾਂ, ਵਿਦਿਆਰਥੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਖਤ ਮਿਹਨਤ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਉਣ ਵਾਲੇ ਸਾਲਾਂ ਵਿੱਚ ਰਿਸਰਚ ਐਂਡ ਪ੍ਰੋਫੈਸ਼ਨਲ ਪਰੈਕਟਿਸਿਸ (ਆਰਪੀਸੀ) ਅਤੇ ਧਾਰਨਾ ਦੇ ਮਾਪਦੰਡਾਂ ਵਿੱਚ ਖਾਸ ਸੁਧਾਰ ਦੇ ਨਾਲ-ਨਾਲ ਐਨਆਈਆਰਐਫ ਦੇ ਬਾਕੀ ਤਿੰਨ ਮਾਪਦੰਡਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਫੈਕਲਟੀ ਅਤੇ ਖੋਜ-ਕਰਤਾਵਾਂ ਨੂੰ ਆਰਪੀਸੀ ਨੂੰ ਬਿਹਤਰ ਬਣਾਉਣ ਲਈ ਖੋਜ ਪ੍ਰਕਾਸ਼ਨ, ਖੋਜ ਪ੍ਰੋਜੈਕਟਾਂ ਅਤੇ ਪੇਟੈਂਟਾਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਤ ਕੀਤਾ। ਧਾਰਨਾ ਵਿੱਚ ਸੁਧਾਰਨ ਲਿਆਉਣ ਲਈ, ਪ੍ਰੋ. ਤਿਵਾੜੀ ਨੇ ਸੀਯੂਪੀਬੀ ਪਰਿਵਾਰ ਨੂੰ ਸਥਾਨਕ ਅਤੇ ਰਾਸ਼ਟਰੀ ਮੁੱਦਿਆਂ ਦੇ ਹੱਲ ਲੱਭਣ ਲਈ ਖੋਜ ਕਰਨ ਅਤੇ ਸਮਾਜ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਨ ਲਈ ਆਊਟਰੀਚ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ।

ਇਹ ਜਿਕਰਯੋਗ ਹੈ ਕਿ ਪੰਜਾਬ ਸੂਬੇ ਦੀਆਂ ਚਾਰ (4) ਹੋਰ ਸੰਸਥਾਵਾਂ ਜਿਵੇਂ ਕਿ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਪਟਿਆਲਾ; ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ; ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਨੂੰ ਵੀ ਐਨਆਈਆਰਐਫ ਰੈਂਕਿੰਗ 2021 ਵਿੱਚ “ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ” ਵਿੱਚ ਸ਼ਾਮਲ ਕੀਤਾ ਗਿਆ ਹੈ।

About The Author

Leave a Reply

Your email address will not be published. Required fields are marked *