ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਖੇਤਾਂ ਦਾ ਕੀਤਾ ਗਿਆ ਦੌਰਾ
ਮਾਨਸਾ, 08 ਸਤੰਬਰ 2021 : ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਦੀਆਂ ਹਦਾਇਤਾਂ ਅਤੇ ਬਲਾਕ ਖੇਤੀਬਾੜੀ ਅਫਸਰ ਝੁਨੀਰ ਡਾ. ਸੁਰੇਸ ਕੁਮਾਰ ਦੇ ਦਿਸ਼ਾ-ਨਿਰਦੇਸਾਂ ਤਹਿਤ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਝੁਨੀਰ ਅਤੇ ਸ਼੍ਰੀ ਕਮਲਪ੍ਰੀਤ ਸਿੰਘ ਏ.ਟੀ.ਐਮ. ਵੱਲੋਂ ਪਿੰਡ ਰਾਏਪੁਰ ਬਲਾਕ ਝੁਨੀਰ ਦੇ ਖੇਤਾਂ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਦੌਰੇ ਦੌਰਾਨ ਪਿੰਡ ਦੀ ਫਿਰਨੀ ਦੇ ਨਜਦੀਕ ਖੇਤਾਂ ਵਿੱਚ ਕੁਝ ਕਿਸਾਨਾਂ ਦੇ ਖੇਤਾਂ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਜੋ ਪਹਿਲਾਂ ਆਰਥਿਕ ਕਗਾਰ ਤੋਂ ਵੱਧ ਸੀ, ਵਿਭਾਗ ਦੁਆਰਾ ਸਿਫਾਰਸ ਕੀਤੀ ਗਈ ਸਾਈਪਰਮੈਥਰਿਨ ਦੀ ਸਪਰੇਅ ਤੋਂ ਬਾਅਦ ਆਰਥਿਕ ਕਗਾਰ ਤੋਂ ਘੱਟ ਸੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨ ਜਸਕਰਨ ਸਿੰਘ ਪੁੱਤਰ ਜਰਨੈਲ ਸਿੰਘ, ਬਾਦਲ ਸਿੰਘ ਪੁੱਤਰ ਰਾਜ ਸਿੰਘ, ਸਵਰਨ ਸਿੰਘ ਪੁੱਤਰ ਜਰਨੈਲ ਸਿੰਘ, ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ ਆਦਿ ਦੇ ਖੇਤਾਂ ਦਾ ਵੀ ਦੌਰਾ ਕੀਤਾ ਗਿਆ ਅਤੇ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਕਿਸਾਨ ਕਾਲਾ ਸਿੰਘ ਪੁੱਤਰ ਜੱਗਾ ਸਿੰਘ, ਮਨਜੀਤ ਸਿੰਘ ਪੁੱਤਰ ਜੱਗਾ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ। ਕਿਸਾਨ ਦੇ ਦੱਸਣ ਮੁਤਾਬਿਕ ਫੇਮ ਅਤੇ ਕੋਰਾਜਨ ਦੀ ਸਪਰੇਅ ਤਿੰਨ ਦਿਨ ਪਹਿਲਾਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਨਿਰੀਖਣ ਕਰਨ ’ਤੇ ਗੁਲਾਬੀ ਸੁੰਡੀ ਦਾ ਹਮਲਾ ਮੌਜੂਦ ਪਾਇਆ ਗਿਆ, ਜੋ ਕਿ ਆਰਥਿਕ ਕਗਾਰ ਤੋਂ ਵੱਧ ਸੀ। ਜਿਸਤੇ ਕਿਸਾਨ ਨੂੰ ਸਾਈਪਰਮੈਥਰਿਨ ਦੀ ਸਪਰੇਅ ਕਰਨ ਦੀ ਸਿਫਾਰਸ ਕੀਤੀ ਗਈ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੀ ਟੀਮ ਵੱਲੋਂ ਕਿਸਾਨਾਂ ਨੂੰ ਹਰ ਰੋਜ ਆਪਣੇ ਖੇਤਾਂ ਦਾ ਨਿਰੀਖਣ ਕਰਨ ਦੀ ਸਲਾਹ ਦਿੱਤੀ ਗਈ, ਤਾਂ ਜੋ ਹਮਲੇ ਦੀ ਸੂਰਤ ਵਿੱਚ ਸਮੇਂ ਸਿਰ ਰੋਕਥਾਮ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਿਰਫ ਨਿਰੀਖਣ ਦੇ ਅਧਾਰ ’ਤੇ ਲੋੜ ਅਨੁਸਾਰ ਮਹਿਕਮੇ ਵੱਲੋਂ ਸਿਫਾਰਸ ਕੀਤੀਆਂ ਸਪਰੇਆਂ ਹੀ ਕੀਤੀਆਂ ਜਾਣ, ਤਾਂ ਜੋ ਬੇਲੋੜੀਂਆਂ ਸਪਰੇਆਂ ਨਾ ਕਰਦੇ ਹੋਏ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।