ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨੇ ਸਿਵਲ ਹਸਪਤਾਲ ਪਹੁੰਚ ਕੇ ਤੇਜ਼ਾਬ ਪੀੜਤਾ ਦਾ ਹਾਲ-ਚਾਲ ਜਾਣਿਆ
ਜਲੰਧਰ, 06 ਸਤੰਬਰ 2021 : ਜ਼ਿਲ੍ਹਾ ਤੇ ਸੈਸ਼ਨਜ਼-ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰੁਪਿੰਦਰਜੀਤ ਚਹਿਲ ਦੇ ਆਦੇਸ਼ਾਂ ਅਨੁਸਾਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਡਾ. ਗਗਨਦੀਪ ਕੌਰ ਨੇ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕੀਤਾ ਅਤੇ ਤੇਜ਼ਾਬ ਪੀੜਤ ਔਰਤ ਨਾਲ ਮੁਲਾਕਾਤ ਕਰ ਕੇ ਉਸ ਦਾ ਹਾਲ-ਚਾਲ ਜਾਣਿਆ । ਇਸ ਤੋਂ ਇਲਾਵਾ ਪੀੜਤਾ ਨੂੰ 1 ਲੱਖ ਰੁਪਏ ਦੀ ਅੰਤਰਿਮ ਮੁਆਵਜ਼ਾ ਰਾਸ਼ੀ ਵੀ ਮੁਹੱਈਆ ਕਰਵਾਈ ਗਈ ਹੈ ।
ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਤੇਜ਼ਾਬ ਪੀੜਤ ਔਰਤਾਂ ਮੁਆਵਜ਼ਾ ਸਕੀਮ ਤਹਿਤ ਮੁਆਵਜ਼ਾ ਲੈਣ ਦੀਆਂ ਹੱਕਦਾਰ ਹਨ। ਉਨ੍ਹਾਂ ਵੱਲੋਂ ਪੀੜਤ ਔਰਤ ਨੂੰ ਸਕੀਮ ਤਹਿਤ ਅੰਤਰਿਮ ਮੁਆਵਜ਼ਾ 1 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਗਏ ਸਨ, ਜਿਸ ਤਹਿਤ ਇਹ ਰਕਮ ਪੀੜਤ ਔਰਤ ਦੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਗਈ ।
ਜ਼ਿਕਰਯੋਗ ਹੈ ਕਿ 30 ਅਗਸਤ 2021 ਨੂੰ ਫੈਕਟਰੀ ਵਿਖੇ ਕੰਮ ਕਰ ਰਹੀ ਔਰਤ ਉੱਪਰ ਉਸੇ ਫੈਕਟਰੀ ਵਿੱਚ ਕੰਮ ਕਰਦੇ ਵਿਅਕਤੀ ਵੱਲੋਂ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 8 ਵਿਖੇ ਧਾਰਾ 326-A/354 ਅਧੀਨ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ।