ਆਮ ਆਦਮੀ ਕਲੀਨਿਕਾਂ ਸਮੇਤ ਸਾਰੇ ਸਿਹਤ ਕੇਂਦਰਾਂ ਵਿਚ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦਾ ਟੈਸਟ ਮੁਫ਼ਤ-ਡਿਪਟੀ ਕਮਿਸ਼ਨਰ
– ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਸਾਵਧਾਨੀਆਂ ਤੇ ਜਾਗਰੂਕਤਾ ਜ਼ਰੂਰੀ
(Rajinder Kumar) ਮਾਨਸਾ, 18 ਨਵੰਬਰ 2025: ਆਮ ਆਦਮੀ ਕਲੀਨਿਕਾਂ ਸਮੇਤ ਜ਼ਿਲ੍ਹਾ ਮਾਨਸਾ ਦੇ ਸਾਰੇ ਸਿਹਤ ਕੇਂਦਰਾਂ ਵਿਚ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਦਾ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਾਰੇ ਸਬ ਸੈਂਟਰਾਂ, ਸਬ ਡਵੀਜ਼ਨ ਹਸਪਤਾਲਾਂ, ਆਮ ਆਦਮੀ ਕਲੀਨਿਕਾਂ ਵਿਚ ਮਲੇਰੀਆ ਦੀ ਜਾਂਚ ਤੇ ਤੁਰੰਤ ਰਿਪੋਰਟ ਦੀ ਸੁਵਿਧਾ ਹੈ। ਡੇਂਗੂ ਅਤੇ ਚਿਕਨਗੁਨੀਆ ਦੀ ਸੈਂਪਲਿੰਗ ਸਾਰੇ ਸਿਹਤ ਕੇਂਦਰਾਂ ਵਿਚ ਕੀਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਸਾਵਧਾਨੀਆਂ ਵਰਤਣਾ ਅਤਿ ਜ਼ਰੂਰੀ ਹੈ।
ਉਨ੍ਹਾਂ ਵੱਲੋਂ ਸਿਹਤ ਵਿਭਾਗ ਨੂੰ ਘਰ ਘਰ ਜਾ ਕੇ ਸਰਵੇ ਕਰਨ ਅਤੇ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਜਾਗਰੂਕ ਕਰਨ ਦੀ ਹਦਾਇਤ ਕੀਤੀ ਗਈ ਹੈ। ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਡੇਂਗੂ, ਮਲੇਰੀਆ ਜਾਂ ਚਿਕਨਗੁਨੀਆ ਤੋਂ ਪੀੜਤ ਹੁੰਦਾ ਹੈ ਤਾਂ ਨੇੜੇ ਦੀ ਸਿਹਤ ਸੰਸਥਾਂ ਵਿਚ ਆਪਣੇ ਟੈਸਟ ਕਰਵਾ ਕੇ ਇਲਾਜ਼ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਡੇਂਗੂ ਅਤੇ ਮਲੇਰੀਏ ਦੇ ਮਰੀਜ਼ਾਂ ਦਾ ਸਰਵੇ ਕਰਕੇ, ਸ਼ਨਾਖ਼ਤ ਕਰਨ ਉਪਰੰਤ ਇਲਾਜ਼ ਕਰਵਾਉਣ ਵਿੱਚ ਮਦਦ ਕੀਤੀ ਜਾਂਦੀ ਹੈ। ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੁਆਰਾ ਲੋਕਾਂ ਨੂੰ ਘਰ ਘਰ ਜਾ ਕੇ ਪਿੰਡ ਪੱਧਰ ‘ਤੇ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ।
ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ,ਉਲਟੀਆਂ,ਅੱਖਾਂ ਅਤੇ ਪਿਛਲੇ ਹਿੱਸੇ ਵਿਚ ਦਰਦ,ਜੋੜਾਂ ਅਤੇ ਹੱਡੀਆਂ ਵਿੱਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰ ਭਜਾਉ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਵੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਆਪਣੇ ਆਲੇ ਦੁਆਲੇ ਅਤੇ ਘਰਾਂ ਵਿਚ ਕਿਤੇ ਵੀ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ, ਖ਼ਾਸਕਰ ਘਰਾਂ ਵਿੱਚ ਪਏ ਗਮਲੇ, ਖਾਲੀ ਬਰਤਨ, ਟਾਇਰ, ਛੱਤਾਂ ‘ਤੇ ਪਏ ਟਾਇਰ ਜਾਂ ਖਾਲੀ ਬਰਤਨ ਆਦਿ ਵਿੱਚ ਪਾਣੀ ਨਾ ਜਮ੍ਹਾ ਹੋਣ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਜੇਕਰ ਡੇਂਗੂ ਤੇ ਮਲੇਰੀਏ ਦਾ ਮਰੀਜ਼ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਆਲੇ ਦੁਆਲੇ 40 ਤੋਂ 50 ਘਰਾਂ ਵਿੱਚ ਸਪਰੇਅ ਕਰਵਾਈ ਜਾਂਦੀ ਹੈ ਅਤੇ ਗਲੀ ਮੁਹੱਲਿਆਂ ਵਿੱਚ ਫੋਂਗਿੰਗ ਕਰਵਾਈ ਜਾਂਦੀ ਹੈ। ਪੰਚਾਇਤੀ ਵਿਭਾਗ ਵੱਲੋਂ ਪੇਂਡੂ ਖੇਤਰ ਅਤੇ ਮਿਊਂਸਪਲ ਕਮੇਟੀ ਸ਼ਹਿਰੀ ਖੇਤਰ ਦੀਆਂ ਗਲੀਆਂ ਮੁਹੱਲਿਆਂ ਵਿੱਚ ਫੋਗਿੰਗ ਅਤੇ ਲਾਰਵੇ ਦਾ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ।
