ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਅਤੇ ਸਪਰੇਆਂ ਵਾਲੀਆਂ ਵੱਖ-ਵੱਖ ਦੁਕਾਨਾਂ ਦੀ ਕੀਤੀ ਗਈ ਚੈਕਿੰਗ
– ਬੇਲੋੜੀਆਂ ਖਾਦ ਸਪਰੇਆਂ ਦੀ ਖਰੀਦ ਕਰਨ ਤੋਂ ਕੀਤਾ ਜਾਵੇ ਗੁਰੇਜ, ਕਿਸਾਨਾਂ ਨੂੰ ਪੱਕਾ ਬਿਲ ਲੈਣ ਲਈ ਕੀਤਾ ਸੁਚੇਤ
– ਦੁਕਾਨਦਾਰਾਂ ਨੂੰ ਹਦਾਇਤ, ਬੇਲੋੜੀ ਸਮੱਗਰੀ ਦੀ ਨਾ ਕੀਤੀ ਜਾਵੇ ਟੈਗਿੰਗ
(Rajinder Kumar) ਫਾਜ਼ਿਲਕਾ, 15 ਨਵੰਬਰ 2025: ਮੁੱਖ ਖੇਤੀਬਾੜੀ ਅਫਸਰ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਖਾਦਾਂ ਅਤੇ ਸਪਰੇਅ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਤਹਿਤ ਨਵੀ ਦਾਣਾ ਮੰਡੀ ਵਿਖੇ ਸਥਿਤ ਜੈਨ ਖਾਦ ਭੰਡਾਰ ਤੇ ਧੂੜੀਆ ਐਗਰੋ ਕੇਅਰ ਆਦਿ ਦੁਕਾਨਾ ਦੀ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਮੁੱਖ ਖੇਤੀਬਾੜੀ ਅਫਸਰ ਨੇ ਚੈਕਿੰਗ ਦੌਰਾਨ ਸਬੰਧਤ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਲੋੜ ਅਨੁਸਾਰ ਹੀ ਕਿਸਾਨਾਂ ਨੂੰ ਖਾਦਾਂ ਦੀ ਵਰਤੋ ਕਰਵਾਈ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਬੇਲੋੜੀਆਂ ਵਾਧੂ ਸਪਰੇਅ ਜਾਂ ਖਾਦਾਂ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਜਾਈ ਲਈ ਕਿਸਾਨ ਵੱਲੋਂ ਜਰੂਰਤ ਅਨੁਸਾਰ ਮੰਗੀ ਜਾਂਦੀ ਸਮੱਗਰੀ ਹੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਕਾਰ ਕਿਸਾਨ ਵੀਰਾਂ ਨੂੰ ਬੇਲੋੜੀ ਸਮੱਗਰੀ ਦੀ ਟੈਗਿੰਗ ਨਾ ਕਰਨ, ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕਿਸਾਨਾਂ ਵੱਲੋਂ ਖਰੀਦ ਕੀਤੀਆਂ ਜਾਂਦੀਆਂ ਖਾਦਾਂ ਤੇ ਸਪਰੇਆਂ ਦੇ ਅਧਿਕਾਰੀਆਂ ਵੱਲੋਂ ਬਿਲ ਵੀ ਚੈੱਕ ਕੀਤੇ ਗਏ। ਇਸ ਦੌਰਾਨ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਉਹ ਦੁਕਾਨਦਾਰਾਂ ਕੋਲੋਂ ਖਰੀਦ ਕੀਤੀਆਂ ਵਸਤੂਆਂ ਦਾ ਪੱਕਾ ਬਿਲ ਲੈਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੱਕਾ ਬਿਲ ਦੇਣ ਤੋਂ ਮਨਾ ਕਰਦਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਪੱਕਾ ਬਿਲ ਕਿਸਾਨ ਵੀਰਾਂ ਨੂੰ ਜਰੂਰ ਦਿੱਤਾ ਜਾਵੇ, ਅਜਿਹਾ ਨਾ ਕਰਨ *ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਲੋੜ ਤੋ ਵੱਧ ਸਪਰੇਅ ਤੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਦਾ ਵੀ ਜ਼ਮੀਨ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਉਹ ਅੰਧੇਧੁੰਦ ਸਪੇਰਆਂ ਅਤੇ ਖਾਦਾਂ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਦਸੀਆਂ ਤੇ ਸਿਫਾਰਸ਼ ਕੀਤੀਆਂ ਖਾਦਾਂ ਸਪਰੇਆਂ ਦੀ ਜਮੀਨ ਵਿਚ ਵਰਤੋਂ ਕੀਤੀ ਜਾਵੇ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਬਲਦੇਵ ਸਿੰਘ ਅਤੇ ਏ.ਡੀ.ਓ ਲਵਪ੍ਰੀਤ ਤੇ ਹੋਰ ਅਧਿਕਾਰੀ ਨਾਲ ਮੌਜੂਦ ਸਨ।
