ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਖੁੱਲ੍ਹੇ ਵਿੱਚ ਕੂੜਾ ਸਾੜਨ ਦੀ ਰੋਕਥਾਮ ਲਈ ਰਾਜ-ਵਿਆਪੀ ਪਹਿਲਕਦਮੀ ਦੀ ਸ਼ੁਰੂਆਤ; ਪਹਿਲਾ ਸਿਖਲਾਈ ਸੈਸ਼ਨ ਪਟਿਆਲਾ ਵਿੱਚ ਕੀਤਾ

0

(Rajinder Kumar) ਪਟਿਆਲਾ, 14 ਨਵੰਬਰ 2025: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪੰਜਾਬ ਦੇ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਖੁੱਲ੍ਹੇ ਵਿੱਚ ਕੂੜਾ ਸਾੜਨ ਦੇ ਅਮਲ ਦੀ ਰੋਕਥਾਮ ਲਈ ਇੱਕ ਵਿਆਪਕ ਰਾਜ-ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਅੱਜ ਸਫ਼ਾਈ ਕਰਮਚਾਰੀਆਂ (ਵੇਸਟ ਵਰਕਰਜ਼) ਲਈ ਪਹਿਲਾ ਸਮਰੱਥਾ-ਨਿਰਮਾਣ ਸੈਸ਼ਨ ਕਰਵਾਇਆ ਗਿਆ।

ਵਾਤਾਵਰਣ ਪ੍ਰਬੰਧਨ ਵਿੱਚ ਸਫ਼ਾਈ ਕਰਮਚਾਰੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਮਝਦਿਆਂ ਪੀਪੀਸੀਬੀ ਨੇ ਕੂੜਾ-ਕਰਕਟ ਪ੍ਰਬੰਧਨ ਅਭਿਆਸਾਂ ਨੂੰ ਮਜ਼ਬੂਤ ਕਰਨ ਵਾਸਤੇ ਟੀਚਾਗਤ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਜ਼ਿਕਰਯੋਗ ਹੈ ਕਿ ਸੁੱਕੇ ਪੱਤਿਆਂ, ਬਾਗਬਾਨੀ ਰਹਿੰਦ-ਖੂੰਹਦ ਅਤੇ ਮਿਸ਼ਰਤ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨਾ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ, ਜੋ ਪੀਐਮ2.5, ਕਾਰਬਨ ਮੋਨੋਆਕਸਾਈਡ ਅਤੇ ਜ਼ਹਿਰੀਲੀਆਂ ਗੈਸਾਂ ਵਰਗੇ ਹਾਨੀਕਾਰਕ ਪ੍ਰਦੂਸ਼ਕਾਂ ਨੂੰ ਛੱਡਦਾ ਹੈ, ਜੋ ਧੂੰਏਂ ਵਿੱਚ ਰਲ ਕੇ ਜਨਤਾ, ਖਾਸ ਕਰਕੇ ਬੱਚਿਆਂ, ਬਜ਼ੁਰਗ ਨਾਗਰਿਕਾਂ ਅਤੇ ਸਾਹ ਦੀਆਂ ਬਿਮਾਰੀਆਂ ਵਾਲੇ ਵਿਅਕਤੀਆਂ ਦੀ ਸਿਹਤ ਲਈ ਗੰਭੀਰ ਜੋਖ਼ਮ ਪੈਦਾ ਕਰਦੇ ਹਨ।

ਸਫ਼ਾਈ ਕਰਮਚਾਰੀ ਪੰਜਾਬ ਦੀ ਕੂੜਾ ਪ੍ਰਬੰਧਨ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਇਹ ਪਹਿਲ ਸਾਡੀਆਂ ਫਰੰਟਲਾਈਨ ਸੈਨੀਟੇਸ਼ਨ ਟੀਮਾਂ ਨੂੰ ਵਿਗਿਆਨਕ ਢੰਗ ਨਾਲ ਕੂੜਾ ਵੱਖੋ-ਵੱਖ ਕਰਨ, ਇਸਦੇ ਪ੍ਰਬੰਧਨ ਅਤੇ ਨਿਪਟਾਰੇ ਦੀਆਂ ਤਕਨੀਕਾਂ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਕੂੜਾ ਪ੍ਰਬੰਧਨ ਦੇ ਟਿਕਾਊ ਬਦਲਾਂ ਨੂੰ ਉਤਸ਼ਾਹਿਤ ਕਰੇਗੀ। ਇਸ ਮੌਕੇ ਗੱਲਸ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਅਸੀਂ ਜ਼ਮੀਨੀ ਪੱਧਰ ‘ਤੇ ਸਮਰੱਥਾ-ਨਿਰਮਾਣ ਰਾਹੀਂ ਸਾਫ਼ ਹਵਾ, ਸਿਹਤਮੰਦ ਜੀਵਨ ਅਤੇ ਪੰਜਾਬ ਨੂੰ ਹਰਿ-ਭਰਿਆ ਬਣਾਉਣ ਲਈ ਵਚਨਬੱਧ ਹਾਂ।

ਇਹ ਸੈਸ਼ਨ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨ ਤੋਂ ਗੁਰੇਜ਼ ਕਨਰ, ਬਾਗਬਾਨੀ ਕੂੜੇ ਦੀ ਖਾਦ ਬਣਾਉਣ ਅਤੇ ਮਲਚਿੰਗ ਨੂੰ ਉਤਸ਼ਾਹਿਤ ਕਰਨ, ਸਰੋਤ ‘ਤੇ ਹੀ ਕੂੜੇ ਨੂੰ ਵੱਖੋ-ਵੱਖਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕੂੜੇ ਦੀ ਰੀਸਾਈਕਲਿੰਗ ਅਤੇ ਇਸਦੇ ਵਿਗਿਆਨਕ ਨਿਪਟਾਰੇ ਦੇ ਅਭਿਆਸਾਂ ਨੂੰ ਅਪਨਾਉਣ ‘ਤੇ ਕੇਂਦ੍ਰਿਤ ਰਿਹਾ।

ਇਸ ਸਿਖਲਾਈ ਵਿੱਚ ਮੋਟੀਵੇਸ਼ਨਲ ਸਪੀਕਰ ਪਰਮਜੀਤ ਸਿੰਘ ਅਗਰਵਾਲ ਨੇ ਗੱਲਬਾਤ ਸੈਸ਼ਨ ਦੌਰਾਨ ਕਿਹਾ ਕਿ ਸ਼ਹਿਰਾਂ ਵਿੱਚ ਸਫਾਈ ਕਰਮਚਾਰੀਆਂ ਦੀ ਭੂਮਿਕਾ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਇੱਕ ਦੁਲਹਨ ਲਈ ਮੇਕਅਪ ਆਰਟਿਸਟ ਦੀ ਹੁੰਦੀ ਹੈ। ਇਸ ਤੋਂ ਬਾਅਦ ਤਮਾਸ਼ਾ ਗਰੁੱਪ ਦੁਆਰਾ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਰਾਹੀਂ ਕੂੜਾ ਪ੍ਰਬੰਧਨ ਦੇ ਮੁੱਖ ਮੁੱਦਿਆਂ ਨੂੰ ਦਿਲਚਸਪ ਢੰਗ ਨਾਲ ਉਜਾਗਰ ਕੀਤਾ ਗਿਆ। ਇਸ ਸੈਸ਼ਨ ਵਿੱਚ ਭਾਗ ਲੈਣ ਵਾਲੇ ਸਾਰੇ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਬਣਾਈ ਰੱਖਣ ਦੇ ਮਿਸ਼ਨ ਦੇ ਸਮਰਥਨ ਦਾ ਪ੍ਰਣ ਲਿਆ।

ਇਸ ਮੌਕੇ ਬੋਲਦਿਆਂ ਪੀਪੀਸੀਬੀ ਦੇ ਅਧਿਕਾਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪਹਿਲਕਦਮੀ ਰਾਜ ਦੇ ਸਾਰੇ ਨਗਰ ਨਿਗਮਾਂ ਅਤੇ ਸਥਾਨਕ ਸੰਸਥਾਵਾਂ ਵਿੱਚ ਕਰਵਾਏ ਜਾਣ ਵਾਲੇ ਅਜਿਹੇ ਹੋਰ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਦੀ ਸ਼ੁਰੂਆਤ ਹੈ। ਬੋਰਡ ਨੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਲਈ ਜਨਤਕ ਪੱਧਰ ਦੇ ਹੱਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀ), ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਯੂਏ), ਐਨਜੀਓ ਅਤੇ ਸਿਵਲ ਸੋਸਾਇਟੀ ਗਰੁੱਪਾਂ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਉਦੇਸ਼ ਸਥਾਨਕ ਪੱਧਰ ‘ਤੇ ਕਾਰਵਾਈਆਂ ਰਾਹੀਂ ਸੂਬੇ ਭਰ ਵਿੱਚ ਸਾਫ਼-ਸੁਥਰੇ ਆਲੇ-ਦੁਆਲੇ, ਹਾਨੀਕਾਰਕ ਗੈਸਾਂ ਦੇ ਨਿਕਾਸ ਦੀ ਰੋਕਥਾਮ ਅਤੇ ਹਵਾ ਗੁਣਵੱਤਾ ਵਿੱਚ ਸੁਧਾਰ ਨੂੰ ਯਕੀਨੀ ਬਣਾਉਣਾ ਹੈ।

About The Author

Leave a Reply

Your email address will not be published. Required fields are marked *