ਬੀ.ਐਸ.ਐਫ ਖੜਕਾਂ ਕੈਂਪ ਵਿਖੇ 145 ਮਹਿਲਾ ਰੰਗਰੂਟਾਂ ਦੀ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ
(Rajinder Kumar) ਹੁਸ਼ਿਆਰਪੁਰ, 1 ਨਵੰਬਰ 2025: 145 ਮਹਿਲਾ ਰੰਗਰੂਟਾਂ (ਬੈਚ ਨੰ. 274) ਲਈ ਪਾਸਿੰਗ ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਅੱਜ ਸਹਾਇਕ ਸਿਖਲਾਈ ਕੇਂਦਰ, ਸੀਮਾ ਸੁਰੱਖਿਆ ਬਲ, ਖੜਕਾਂ ਕੈਂਪ, ਹੁਸ਼ਿਆਰਪੁਰ ਦੇ ਸ਼ਹੀਦ ਸਤਪਾਲ ਚੌਧਰੀ ਪਰੇਡ ਗਰਾਊਂਡ ਵਿਖੇ ਆਯੋਜਿਤ ਕੀਤਾ ਗਿਆ।
ਚਾਰੂ ਧਵਜ ਅਗਰਵਾਲ, ਇੰਸਪੈਕਟਰ ਜਨਰਲ, ਸਹਾਇਕ ਸਿਖਲਾਈ ਕੇਂਦਰ, ਖੜਕਾਂ ਦਾ ਮੁੱਖ ਮਹਿਮਾਨ ਵਜੋਂ ਸਵਾਗਤ ਸ਼੍ਰੀ ਬੀਰੇਂਦਰ ਕੁਮਾਰ, ਕਮਾਂਡੈਂਟ (ਸਿਖਲਾਈ) ਦੁਆਰਾ ਕੀਤਾ ਗਿਆ। ਇਸ ਮੌਕੇ ਬੀ.ਐਸ.ਐਫ ਦੇ ਮੌਜੂਦਾ ਅਤੇ ਸੇਵਾ ਮੁਕਤ ਅਧਿਕਾਰੀ, ਸਹਾਇਕ ਸਿਖਲਾਈ ਕੇਂਦਰ ਖੜਕਾਂ ਦਾ ਸਮੁੱਚਾ ਸਟਾਫ਼, ਮਹਿਲਾ ਰੰਗਰੂਟਾਂ ਦੇ ਪਰਿਵਾਰਕ ਮੈਂਬਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਤਵੰਤੇ ਸੱਜਣ ਮੌਜੂਦ ਸਨ।

ਜਨਰਲ ਸਲਾਮੀ ਲੈਣ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਮੁੱਖ ਮਹਿਮਾਨ ਨੇ ਇਨਡੋਰ ਅਤੇ ਆਊਟਡੋਰ ਦੋਵਾਂ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਨਵੀਆਂ ਰੰਗਰੂਟਾਂ ਨੂੰ ਮੈਡਲ ਭੇਟ ਕੀਤੇ।
ਨਵੇਂ ਰੰਗਰੂਟਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਪਰੇਡ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਆਤਮਵਿਸ਼ਵਾਸ, ਹੁਨਰ ਅਤੇ ਤਾਲਮੇਲ ਦੀ ਪ੍ਰਸੰਸਾ ਕੀਤੀ, ਜੋ ਕਿ ਪਰੇਡ ਦੀ ਪਛਾਣ ਹੈ। ਉਨ੍ਹਾਂ ਬੀ.ਐਸ.ਐਫ ਨੂੰ ਆਪਣੇ ਕਰੀਅਰ ਵਜੋਂ ਚੁਣਨ ਲਈ ਨਵੇਂ ਰੰਗਰੂਟਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਿੰਮਤ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਅਤੇ ਰਾਸ਼ਟਰੀ ਸੱਦੇ ‘ਤੇ ਫੋਰਸ ਵਿਚ ਸ਼ਾਮਲ ਹੋਣ ਲਈ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ।
ਮੁੱਖ ਮਹਿਮਾਨ ਨੇ ਬੀਰੇਂਦਰ ਕੁਮਾਰ, ਕਮਾਂਡੈਂਟ (ਸਿਖਲਾਈ), ਨਿਸ਼ਵਤ, ਡਿਪਟੀ ਕਮਾਂਡੈਂਟ (ਸਿਖਲਾਈ) ਅਤੇ ਸਿਖਲਾਈ ਟੀਮ ਦੀ ਸਖ਼ਤ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਨ੍ਹਾਂ ਨਵੇਂ ਰੰਗਰੂਟਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਗਾਰਡਾਂ ਵਿਚ ਢਾਲਿਆ। ਮੁੱਖ ਮਹਿਮਾਨ ਨੇ ਪਾਸਿੰਗ ਆਊਟ ਰੰਗਰੂਟਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਸੇਵਾ ਅਤੇ ਇਮਾਨਦਾਰੀ ਦੇ ਮੁੱਲਾਂ ਨੂੰ ਕਾਇਮ ਰੱਖਣ ਦੀ ਤਾਕੀਦ ਕੀਤੀ।
