ਪਟਾਕਾ ਮਾਰਕੀਟ ਦੇ ਦੁਕਾਨਦਾਰਾਂ ਨੇ ਵਿਧਾਇਕ ਕੋਹਲੀ ਦਾ ਕੀਤਾ ਸਨਮਾਨ
– ਸ਼ਾਂਤੀਪੂਰਨ ਤਰੀਕੇ ਨਾਲ ਦੀਵਾਲੀ ਮਨਾਉਣ ‘ ਤੇ ਪਟਿਆਲਾ ਵਾਸੀਆਂ ਨੂੰ ਮੁਬਾਰਕਬਾਦ – ਅਜੀਤ ਪਾਲ ਸਿੰਘ ਕੋਹਲੀ
(Rajinder Kumar) ਪਟਿਆਲਾ, 25 ਅਕਤੂਬਰ 2025: ਪਟਿਆਲਾ ਸ਼ਹਿਰ ਦੇ ਪਟਾਕਾ ਮਾਰਕੀਟ ਦੇ ਦੁਕਾਨਦਾਰਾਂ ਨੇ ਅੱਜ ਪਟਿਆਲਾ ਹਲਕੇ ਦੇ ਵਿਧਾਇਕ ਸ. ਅਜੀਤ ਪਾਲ ਸਿੰਘ ਕੋਹਲੀ ਦਾ ਸਨਮਾਨ ਕੀਤਾ ਕਿ ਇਸ ਵਾਰੀ ਦੀਵਾਲੀ ਦੇ ਮੌਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਦੁਕਾਨਦਾਰਾਂ ਨੇ ਕਿਹਾ ਕਿ ਵਿਧਾਇਕ ਕੋਹਲੀ ਅਤੇ ਪ੍ਰਸ਼ਾਸਨ ਦੇ ਸਹਿਯੋਗ ਕਾਰਨ ਪੂਰੀ ਮਾਰਕੀਟ ਵਿਚ ਸ਼ਾਂਤੀਪੂਰਨ ਮਾਹੌਲ ਬਣਿਆ ਰਿਹਾ ਅਤੇ ਲੋਕਾਂ ਨੇ ਖੁਸ਼ੀ ਨਾਲ ਖਰੀਦਦਾਰੀ ਕੀਤੀ।
ਦੁਕਾਨਦਾਰਾਂ ਨੇ ਦੱਸਿਆ ਕਿ ਹਰ ਸਾਲ ਦੀਵਾਲੀ ਦੇ ਦਿਨਾਂ ਦੌਰਾਨ ਪਟਾਕਾ ਮਾਰਕੀਟ ਵਿਚ ਕਈ ਵਾਰ ਟ੍ਰੈਫਿਕ ਜਾਮ, ਦੀ ਸਮੱਸਿਆ ਆਉਂਦੀ ਸੀ, ਪਰ ਇਸ ਵਾਰ ਵਿਧਾਇਕ ਸ. ਅਜੀਤ ਪਾਲ ਸਿੰਘ ਕੋਹਲੀ ਵੱਲੋਂ ਸਮੇਂ ਸਿਰ ਪ੍ਰਸ਼ਾਸਨ ਨਾਲ ਬੈਠਕ ਕਰਕੇ ਸਾਰੀਆਂ ਤਿਆਰੀਆਂ ਸੁਚੱਜੇ ਢੰਗ ਨਾਲ ਕਰਵਾਈਆਂ ਜਿਸ ਕਾਰਨ ਨਾ ਕੇਵਲ ਮਾਰਕੀਟ ਸੁਚਾਰੂ ਢੰਗ ਨਾਲ ਚੱਲੀ, ਸਗੋਂ ਗਾਹਕਾਂ ਲਈ ਵੀ ਆਉਣ-ਜਾਣ ਦੀ ਸਹੂਲਤ ਆਸਾਨ ਹੋਈ।
ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਸ਼ਾਂਤੀ, ਸਫਾਈ ਅਤੇ ਸੁਵਿਧਾ ਬਣਾਈ ਰੱਖਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸਮੇਂ ਲੋਕਾਂ ਦੀ ਖੁਸ਼ੀ ਵਿਚ ਰੁਕਾਵਟ ਨਾ ਆਵੇ, ਇਹ ਯਕੀਨੀ ਬਣਾਉਣਾ ਉਹਨਾਂ ਦਾ ਧਾਰਮਿਕ ਤੇ ਨੈਤਿਕ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਨੀਤੀਆਂ ਦਾ ਨਤੀਜਾ ਹੈ, ਜੋ ਸਿੱਧੇ ਲੋਕਾਂ ਨਾਲ ਜੁੜ ਕੇ ਕੰਮ ਕਰਨ ‘ਤੇ ਵਿਸ਼ਵਾਸ ਰੱਖਦੇ ਹਨ।
ਵਿਧਾਇਕ ਕੋਹਲੀ ਨੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀਆਂ ਹਰ ਜਾਇਜ਼ ਮੰਗਾਂ ਨੂੰ ਤਰਜੀਹ ਦੇ ਕੇ ਹੱਲ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਇਸ ਮੌਕੇ ਕਿਹਾ ਕਿ ਪਹਿਲੀ ਵਾਰ ਕਿਸੇ ਵਿਧਾਇਕ ਨੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਚਿੰਤਾਵਾਂ ਨੂੰ ਇੰਨੀ ਗੰਭੀਰਤਾ ਨਾਲ ਸੁਣਿਆ ਤੇ ਹੱਲ ਕੀਤਾ ਹੈ।
ਦੁਕਾਨਦਾਰਾਂ ਵੱਲੋਂ ਵਿਧਾਇਕ ਕੋਹਲੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਪ੍ਰਗਟ ਕੀਤਾ ਗਿਆ ਕਿ ਉਹ ਹਮੇਸ਼ਾ ਲੋਕਾਂ ਦੇ ਵਿਚਕਾਰ ਰਹਿ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਤਪਰ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਜਿੰਮੀ ਗੁਪਤਾ, ਕੇਸ਼ਵ ਬਾਂਸਲ, ਰੋਹਿਤ, ਦੀਪਕ ਬਾਂਸਲ, ਮੁਨੀਸ਼, ਪਵਨ ਜਿੰਦਲ, ਸਤੀਸ਼ ਜਿੰਦਲ , ਸਵਪਨ ਕੋਹਲੀ, ਸੰਜੇ ਦੱਤ, ਸੁਨੀਲ ਸਿੰਗਲਾ, ਵਿੱਕੀ, ਮਾਨਵ ਅਤੇ ਰਹਿਮਨ ਮੌਜੂਦ ਸਨ।
