ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰੌਂਗਲਾ ਵਿਖੇ ਬਜ਼ੁਰਗਾਂ ਨਾਲ ਮਨਾਈ ਗ੍ਰੀਨ ਦੀਵਾਲੀ

– ਬਜ਼ੁਰਗਾਂ ਨਾਲ ਸਾਂਝੀਆਂ ਕੀਤੀਆਂ ਖੁਸ਼ੀਆਂ, ਉਨ੍ਹਾਂ ਦੀਆਂ ਮੰਗਾਂ ਸੁਣੀਆਂ ‘ ਤੇ ਭਵਿੱਖ ਲਈ ਦਿੱਤਾ ਭਰੋਸਾ
(Rajinder Kumar) ਪਟਿਆਲਾ, 18 ਅਕਤੂਬਰ 2025: ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਪਟਿਆਲਾ ਡਾ ਪ੍ਰੀਤੀ ਯਾਦਵ ਦੀਵਾਲੀ ਦੀ ਖੁਸ਼ੀ ਮਨਾਉਣ ਪਿੰਡ ਰੌਂਗਲਾ ਵਿਖੇ ਸਥਿਤ ਏਜ਼ਡ ਡੇਅ ਕੇਅਰ ਅਤੇ ਵੈਲਨੈਸ ਸੈਂਟਰ ‘ਚ ਪਹੁੰਚੇ। ਇਹ ਗਰੀਨ ਦੀਵਾਲੀ ਦਾ ਤਿਉਹਾਰ ਰੈੱਡ ਕਰਾਸ ਸੋਸਾਇਟੀ ਅਤੇ ਏਜ਼ਡ ਡੇਅ ਕੇਅਰ ਦੀ ਸਾਂਝੇ ਉਪਰਾਲੇ ਨਾਲ ਮਨਾਇਆ ਗਿਆ।


ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਆਪਣੇ ਹੱਥੀਂ ਬਜ਼ੁਰਗਾਂ ਨੂੰ ਤੋਹਫੇ ਵੰਡੇ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਓਹਨਾ ਬਜ਼ੁਰਗਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਸਾਂਝਾ ਫਰਜ ਹੈ। ਡੀ.ਸੀ. ਨੇ ਸੈਂਟਰ ਵਿੱਚ ਰਹਿ ਰਹੇ ਬਜ਼ੁਰਗਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬਜ਼ੁਰਗਾਂ ਦੀ ਭਲਾਈ ਸਬੰਧੀ ਸਕੀਮਾਂ ਨੂੰ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ।ਸਮਾਗਮ ਦੌਰਾਨ ਮਿਠਾਈਆਂ, ਤਿਉਹਾਰੀ ਤੋਹਫੇ ਅਤੇ ਹੋਰ ਜਰੂਰੀ ਸਮਾਨ ਦੀ ਵੰਡ ਕੀਤੀ ਗਈ, ਜਿਸ ਨਾਲ ਸੈਂਟਰ ਦੇ ਬਜ਼ੁਰਗਾਂ ਦੇ ਚਿਹਰੇ ਖੁਸ਼ੀ ਨਾਲ ਚਮਕ ਗਏ।
ਡਾ ਪ੍ਰੀਤੀ ਯਾਦਵ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਅਜਿਹੇ ਉਪਰਾਲਿਆਂ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।ਬਜ਼ੁਰਗਾਂ ਨੇ ਡਿਪਟੀ ਕਮਿਸ਼ਨਰ ਨੂੰ ਅਸ਼ੀਰਵਾਦ ਦਿੱਤਾ ਅਤੇ ਓਹਨਾ ਦੀ ਖੁਸ਼ੀ ਤੇ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ਸੰਸਥਾ ਦੇ ਸੰਚਾਲਕ ਸ਼੍ਰੀ ਲਖਵਿੰਦਰ ਸਰੀਨ, ਜਿਲਾ ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਸੈਂਟਰ ਦਾ ਸਟਾਫ, ਹਾਜ਼ਰ ਸਨ।