35 ਸਾਲਾਂ ਮਗਰੋਂ ਬਣੇਗੀ ਸ਼ਹੀਦ ਦੇ ਨਾਮ ਉਪਰ ਸੜਕ, ਮਨਵਿੰਦਰ ਸਿੰਘ ਗਿਆਸਪੁਰਾ ਨੇ ਰੱਖਿਆ ਨੀਂਹ ਪੱਥਰ

0

– ਪਿੰਡ ਵਾਸੀ ਬੋਲੇ – ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ, ਹੁਣ ਫੜੀ ਬਾਂਹ

(Rajinder Kumar) ਪਾਇਲ, ਖੰਨਾ 09 ਅਕਤੂਬਰ 2025: ਹਲਕਾ ਪਾਇਲ ਦੇ ਪਿੰਡ ਜੱਲ੍ਹਾ ਵਿੱਚ ਮਹਾਨ ਸ਼ਹੀਦ ਸਿਪਾਹੀ ਸ਼ੀਤਲ ਸਿੰਘ ਦੀ ਯਾਦ ਵਿੱਚ ਸੜਕ ਆਖਿਰਕਾਰ 35 ਸਾਲਾਂ ਬਾਅਦ ਮੁੜ ਬਣਾਈ ਜਾ ਰਹੀ ਹੈ। ਕਈ ਸਾਲਾਂ ਤੋਂ ਖਰਾਬ ਹਾਲਤ ਵਿੱਚ ਪਈ ਇਹ ਸੜਕ ਹੁਣ ਦੁਬਾਰਾ ਬਣਨ ਜਾ ਰਹੀ ਹੈ। ਇਸ ਮਹੱਤਵਪੂਰਨ ਸੜਕ ਨਾਲ ਕਰੀਬ 15 ਪਿੰਡ ਜੁੜੇ ਹੋਏ ਹਨ ਅਤੇ ਇਹ ਪਾਇਲ ਹਲਕੇ ਨੂੰ ਖੰਨਾ ਨਾਲ ਸਿੱਧਾ ਜੋੜਦੀ ਹੈ।

ਸੜਕ ਦੇ ਨਵੇਂ ਨਿਰਮਾਣ ਦਾ ਨੀਂਹ ਪੱਥਰ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਰੱਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿਚ ਬਣੀਆਂ ਥਾਵਾਂ ਸਾਡੀ ਵਿਰਾਸਤ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪਾਇਲ ਹਲਕੇ ਵਿੱਚ ਵਿਕਾਸ ਦੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ, ਖ਼ਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਿੱਥੇ ਸਾਲਾਂ ਤੋਂ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹੇ ਹਨ।

ਯਾਦ ਰਹੇ ਕਿ ਸਿਪਾਹੀ ਸ਼ੀਤਲ ਸਿੰਘ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਵਿੱਚ ਬਣਿਆ ਇਹ ਮਾਰਗ ਕਈ ਸਾਲਾਂ ਤੋਂ ਟੁੱਟਿਆ ਪਿਆ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਪਿੰਡ ਦੇ ਸਰਪੰਚ ਲਛਮਣ ਸਿੰਘ ਨੇ ਕਿਹਾ ਕਿ ਸੜਕ ਦੇ ਨਿਰਮਾਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। “ਇਹ ਸੜਕ ਕਈ ਸਾਲਾਂ ਤੋਂ ਖਰਾਬ ਹਾਲਤ ਵਿੱਚ ਸੀ, ਪਰ ਹੁਣ ਪੰਜਾਬ ਸਰਕਾਰ ਨੇ ਸਾਡੀ ਲੰਬੇ ਸਮੇਂ ਤੋਂ ਲਟਕਦੀ ਮੰਗ ਪੂਰੀ ਕਰ ਦਿੱਤੀ ਹੈ। ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਇਸਦੀ ਸਾਰ ਨਹੀਂ ਲਈ ਸੀ। ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੀ ਬਾਂਹ ਫੜੀ ਹੈ।

ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਏ.ਪੀ. ਜੱਲ੍ਹਾ, ਬੂਟਾ ਸਿੰਘ ਰਾਣੋ, ਕੌਂਸਲਰ ਸੁਖਪ੍ਰੀਤ ਸਿੰਘ ਸੋਹੀ, ਅਮਰਜੀਤ ਸਿੰਘ ਗਿੱਲ, ਮੋਹਨ ਸਿੰਘ ਪੰਚ, ਕੁਲਦੀਪ ਸਿੰਘ ਗਰਚਾ, ਫਤਹਿ ਸਿੰਘ, ਬਲਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਤੇਜਵੰਤ ਸਿੰਘ ਨੰਬਰਦਾਰ ਅਤੇ ਮੋਹਨਪ੍ਰੀਤ ਸਿੰਘ ਬੈਂਸ ਸਮੇਤ ਕਈ ਹੋਰ ਹਸਤੀਆਂ ਹਾਜ਼ਰ ਸਨ।

ਇਲਾਕੇ ਦੇ ਲੋਕਾਂ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੜਕ ਦੇ ਮੁੜ ਬਣਨ ਨਾਲ ਆਵਾਜਾਈ ਸੁਵਿਧਾਜਨਕ ਹੋਵੇਗੀ ਅਤੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ।

About The Author

Leave a Reply

Your email address will not be published. Required fields are marked *