ਐਨ.ਪੀ.ਟੀ.ਆਈ ਨੇ ਗਰਿੱਡ ਕਨੈਕਟਿਡ ਸੋਲਰ ਰੂਫਟਾਪ ਸਿਸਟਮ ‘ਤੇ ਕਰਵਾਇਆ ਸਿਖਲਾਈ ਪ੍ਰੋਗਰਾਮ

ਹੁਸ਼ਿਆਰਪੁਰ, 28 ਸਤੰਬਰ : ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ (ਐਨ.ਪੀ.ਟੀ.ਆਈ) ਨੇ ਗਰਿੱਡ ਕਨੈਕਟਡ ਸੋਲਰ ਰੂਫਟਾਪ ਸਿਸਟਮ ‘ਤੇ ਦੋ ਦਿਨਾ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 80 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ।
ਸਮਾਗਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਆਸ਼ਿਕਾ ਨੇ ਕੀਤੀ। ਉਨ੍ਹਾਂ ਨੇ ਨਵੀਨੀਕਰਨ ਊਰਜਾ ਨੂੰ ਭਵਿੱਖ ਲਈ ਇਕ ਲੋੜ ਦੱਸਦੇ ਹੋਏ ਪ੍ਰੋਗਰਾਮ ਵਿਚ ਸ਼ਾਮਿਲ ਲੋਕਾਂ ਨੂੰ ਅਪੀਲ ਕੀਤੀ ਉਹ ਇਸ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲੈ ਕੇ ਸ ਊਰਜਾ ਦੇ ਪ੍ਰਸਾਰ ਵਿਚ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਨੇ ਹਿੱਸਾ ਲੈਣ ਵਾਲਿਆਂ ਨੂੰ ਸੌਰ ਊਰਜਾ ਨਾਲ ਜੁੜੇ ਨਵੀਨਤਮ ਵਿਕਾਸ ਅਤੇ ਇਸ ਦੇ ਵਿਵਹਾਰਕ ਉਪਯੋਗਾਂ ਦੀ ਸਮਝ ਪ੍ਰਦਾਨ ਕੀਤੀ। ਇਹ ਆਯੋਜਨ ਊਰਜਾ ਖੇਤਰ ਵਿਚ ਸਮਰੱਥਾ ਨਿਰਮਾਣ ਅਤੇ ਹੁਨਰ ਵਿਕਾਸ ਪ੍ਰਤੀ ਐਨ.ਪੀ.ਟੀ.ਆਈ ਦੀ ਵਚਨਬੱਧਤਾ ਦਾ ਪ੍ਰਮਾਣ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਸੋਲਰ ਰੂਫਟਾਪ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸਬਸਿਡੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਸਿਖਲਾਈ ਵਿਚ ਵਿਸ਼ਾ ਮਾਹਿਰ ਬਲਵਿੰਦਰ ਕੁਮਾਰ, ਸੇਵਾਮੁਕਤ ਏ.ਈ.ਈ ਵੀ.ਐਮ. ਮਹਾਜਨ ਅਤੇ ਐਨ.ਪੀ.ਟੀ.ਆਈ ਤੋਂ ਨਿਸ਼ੀਕਾਂਤ ਪ੍ਰਸਾਦ ਨੇ ਸਰਕਾਰੀ ਯੋਜਨਾਵਾਂ, ਪ੍ਰੋਤਸਾਹਨਾਂ ਅਤੇ ਸੋਲਰ ਰੂਫਟਾਪ ਸਿਸਟਮ ਦੇ ਤਕਨੀਕੀ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਪ੍ਰੋਗਰਾਮ ਦੇ ਅੰਤ ਵਿਚ ਐਸ.ਈ ਸ਼੍ਰੀ ਵਿਰਦੀ ਨੇ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ। ਐਨ.ਪੀ.ਟੀ.ਆਈ ਦੇ ਸਹਾਇਕ ਨਿਰਦੇਸ਼ਕ ਸੌਰਭ ਮਹਾਜਨ ਨੇ ਪੀ.ਐਸ.ਪੀ.ਸੀ.ਐਲ ਵਿਭਾਗ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।