ਉੱਨਤੀ ਕੋਆਪਰੇਟਿਵ ਸੁਸਾਇਟੀ ਤਲਵਾੜਾ ਵੱਲੋਂ ਹੜ੍ਹ ਪੀੜਤਾਂ ਲਈ 1000 ਰਾਸ਼ਨ ਕਿੱਟਾ ਦਾ ਯੋਗਦਾਨ

(Rajinder Kumar) ਹੁਸ਼ਿਆਰਪੁਰ, 12 ਸਤੰਬਰ 2025: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਮੇਂ ਪੂਰਾ ਪੰਜਾਬ ਹੜ੍ਹ ਦੀ ਮਾਰ ਨਾਲ ਜੂਝ ਰਿਹਾ ਹੈ। ਇਸ ਮੁਸ਼ਕਿਲ ਘੜੀ ਵਿਚ ਪੀੜਤ ਪਰਿਵਾਰਾਂ ਨਾਲ ਪੂਰਾ ਦੇਸ਼ਾ ਖੜ੍ਹਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤੇ ਇਲਾਕੇ ਵੀ ਇਸ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਹਨ। ਹੜ੍ਹਾਂ ਕਾਰਨ ਪੀੜਤ ਪਰਿਵਾਰਾਂ ਦੀ ਮਦਦ ਲਈ ਜਿਥੇ ਸਰਕਾਰ ਤਨਦੇਹੀ ਨਾਲ ਪੂਰੀ ਮਦਦ ਕਰ ਰਹੀ ਹੈ, ਉਥੇ ਹੀ ਸਵੈ-ਸੇਵੀ ਸੰਸਥਾਵਾਂ, ਕੰਪਨੀਆਂ, ਫੈਕਟਰੀਆਂ, ਦਾਨੀ ਸੱਜਣਾਂ ਅਤੇ ਹੋਰ ਸ਼ਹਿਰ ਵਾਸੀਆਂ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਵਿੱਤੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਸਬੰਧੀ ਅਪੀਲ ਕੀਤੀ ਗਈ ਸੀ, ਜਿਸ ਤਹਿਤ ਬਹੁਤ ਸਾਰੇ ਦਾਨੀ ਸੱਜਣਾਂ, ਸੰਸਥਾਵਾਂ, ਨਾਗਰਿਕਾਂ ਵੱਲੋਂ ਹੜ੍ਹ ਪੀੜਤਾਂ ਲਈ ਆਪਣੇ ਵੱਲੋਂ ਪੂਰਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਦਾਨੀ ਸੱਜਣਾਂ ਵੱਲੋਂ ਰਾਹਤ ਸਮੱਗਰੀ, ਰਾਸ਼ਨ ਕਿੱਟਾਂ, ਤਰਪਾਲਾਂ, ਮੱਛਰਦਾਨੀਆਂ, ਹਾਈਜੀਨ ਕਿੱਟਾਂ, ਬਰੈੱਡ ਅਤੇ ਹੋਰ ਬਹੁਤ ਸਾਰੀ ਸਮੱਗਰੀ ਤੋਂ ਇਲਾਵਾ ਵਿੱਤੀ ਸਹਾਇਤਾ ਮੁਹੱਈਆ ਕਰਵਾ ਕੇ ਆਪਣ ਫਰਜ਼ ਨਿਭਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸੇ ਲੜੀ ਤਹਿਤ ਉੱਨਤੀ ਕੋਆਪਰੇਟਿਵ ਸੁਸਾਇਟੀ, ਤਲਵਾੜਾ ਨੇ ਹੜ੍ਹ ਪੀੜਤਾਂ ਦੀ ਮਦਲ ਲਈ ਰੈੱਡ ਕਰਾਸ ਨੂੰ 1000 ਰਾਸ਼ਨ ਕਿੱਟਾ ਦਾ ਸਹਿਯੋਗ ਕੀਤਾ ਹੈ, ਜਿਸ ਸਬੰਧੀ ਉਨ੍ਹਾਂ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਵੱਲੋਂ ਕੀਤੀ ਗਈ ਮਦਦ ਹੜ੍ਹ ਪੀੜਤਾਂ ਲਈ ਇਕ ਵੱਡਮੁੱਲਾ ਯੋਗਦਾਨ ਹੈ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਉੱਨਤੀ ਕੋਅਪਰੇਟਿਵ ਸੁਸਾਇਟੀ, ਤਲਵਾੜਾ ਵੱਲੋਂ ਹਮੇਸ਼ਾ ਹੀ ਮੁਸ਼ਕਿਲ ਘੜੀ ਵਿਚ ਰੈੱਡ ਕਰਾਸ ਦਾ ਸਹਿਯੋਗ ਕੀਤਾ ਜਾਂਦਾ ਰਿਹਾ ਹੈ, ਜਿਸ ਸਬੰਧੀ ਇਸ ਤੋਂ ਪਹਿਲਾਂ ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਵੀ ਇਨ੍ਹਾਂ ਵੱਲੋਂ ਹੜ੍ਹ ਪੀੜਤਾ ਲਈ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆ ਗਈਆਂ ਸਨ।
ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੀਆ ਕੰਪਨੀਆਂ, ਫੈਕਟਰੀਆਂ, ਦਾਨੀ ਸੱਜਣਾਂ, ਉਦਯੋਗਪਤੀਆਂ, ਸਕੂਲ/ਕਾਲਜ ਮਾਲਕਾਂ, ਵੱਡੇ ਵਪਾਰੀ ਭਾਈਚਾਰੇ ਅਤੇ ਹਰ ਨਾਗਰਿਕ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਕੁਦਰਤੀ ਆਫ਼ਤ ਸਮੇਂ ਉਹ ਲੋੜਵੰਦਾਂ ਦੀ ਵਿੱਤੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਜਿਸ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਜਾਰੀ ਕੀਤੇ ਗਏ ਕਿਊ.ਆਰ ਕੋਡ ਦੇ ਲਿੰਕ https://tinyurl.com/redcrosshoshiarpur ‘ਤੇ ਕਲਿੱਕ ਕਰਕੇ ਸਹਿਯੋਗ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਮਾਜ ਭਲਾਈ ਦੇ ਕੰਮ ਲਈ ਨਿੱਜੀ ਤੌਰ ‘ਤੇ ਸੋਮਵਾਰ ਤੋਂ ਸ਼ੁੱਕਰਵਾਰ ਰੈੱਡ ਕਰਾਸ ਦਫ਼ਤਰ, ਜੋਧਾ ਮੱਲ ਰੋਡ, ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।