ਵਿਧਾਇਕ ਨੇ ਤੈਅ ਰੇਟ ਤੋਂ ਵੱਧ ਵਸੂਲੀ ਕਰਨ ਵਾਲੇ ਠੇਕੇਦਾਰ ਦਾ ਠੇਕਾ ਕਰਵਾਇਆ ਰੱਦ

(Rajinder Kumar) ਪਟਿਆਲਾ, 11 ਸਤੰਬਰ 2025: ਪਟਿਆਲਾ ਦੀ ਏ.ਸੀ ਮਾਰਕਿਟ ਦੇ ਪਿਛਲੇ ਪਾਸੇ ਪਾਰਕਿੰਗ ਵਿਚ ਲੋਕਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਠੇਕੇਦਾਰ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਹੁਕਮਾਂ ’ਤੇ ਨਗਰ ਨਿਗਮ ਵੱਲੋਂ ਕੀਤੀ ਗਈ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਏ.ਸੀ ਮਾਰਕਿਟ ਦੇ ਪਿਛਲੇ ਪਾਸੇ ਮਾਰਕਿਟ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਸੀ। ਐਸੋਸੀਏਸ਼ਨ ਨੇ ਧਿਆਨ ਵਿਚ ਲਿਆਂਦਾ ਕਿ ਮਾਰਕਿਟ ਦੇ ਪਿਛਲੇ ਪਾਸੇ ਜਿਹੜੀ ਕਾਰ ਪਾਰਕਿੰਗ ਦਾ ਠੇਕਾ ਦਿੱਤਾ ਗਿਆ ਹੈ ਉਸ ਦਾ ਠੇਕੇਦਾਰ ਲੋਕਾਂ ਤੋਂ ਵੱਧ ਪੈਸੇ ਵਸੂਲਦਾ ਹੈ। ਇਸ ਬਾਰੇ ਤੁਰੰਤ ਹੀ ਨਗਰ ਨਿਗਮ ਮੇਅਰ ਅਤੇ ਕਮਿਸ਼ਨਰ ਨਾਲ ਗੱਲ ਕੀਤੀ, ਜਿਸਤੋਂ ਬਾਅਦ ਨਗਰ ਨਿਗਮ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਆਰੰਭੀ ਗਈ ਹੈ।
ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਹਰ ਇਕ ਹੁਕਮ ਸਿਰ ਮੱਥੇ ਹੈ, ਜਨਤਾ ਦੀ ਖ਼ੁਸ਼ੀ ਹੀ ਸਾਡੀ ਖ਼ੁਸ਼ੀ ਤੇ ਜਨਤਾ ਦੀ ਤਰੱਕੀ ਵਿਚ ਹੀ ਸਾਡੀ ਤਰੱਕੀ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਦੇ ਵੀ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਹ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਰ ਪਾਲ ਹਾਜ਼ਰ ਹਨ। ਵਿਧਾਇਕ ਵੱਲੋਂ ਉਕਤ ਮਾਮਲਾ ਮੇਅਰ ਤੇ ਕਮਿਸ਼ਨਰ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਨਗਰ ਨਿਗਮ ਵੱਲੋਂ ਠੇਕੇਦਾਰ ਨੂੰ ਠੇਕਾ ਰੱਦ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ ਈ ਟੈਂਡਰਿੰਗ ਪ੍ਰਣਾਲੀ ਰਾਹੀਂ ਅਨਾਰਦਾਣਾ ਚੌਂਕ ਨੇੜੇ ਸੀ ਮਾਰਕੀਟ ਵਿੱਚ ਮੌਜੂਦ ਪਾਰਕਿੰਗ ਨੂੰ ਠੇਕੇ ’ਤੇ ਦੇਣ ਲਈ ਟੈਂਡਰ ਕਾਲ ਕੀਤੇ ਗਏ ਸਨ। ਨਗਰ ਨਿਗਮ ਵੱਲੋਂ ਨਿਯਮਾਂ ਅਨੁਸਾਰ ਇਹ ਟੈਂਡਰ ਯਾਦਵਿੰਦਰ ਸਿੰਘ ਗੁਰਾਇਆ ਦੇ ਨਾਮ ਤੇ ਜਾਰੀ ਕੀਤਾ ਗਿਆ ਸੀ।
ਨਿਗਮ ਅਨੁਸਾਰ ਵਰਕ ਆਰਡਰ ਦੀਆਂ ਸ਼ਰਤਾਂ ਅਨੁਸਾਰ ਉਕਤ ਠੇਕੇਦਾਰ ਵੱਲ ਮਹੀਨਾ ਵਾਰ ਕਿਸ਼ਤ ਦੀ ਬਣਦੀ ਅਦਾਇਗੀ ਨਹੀਂ ਕੀਤੀ ਗਈ ਹੈ। ਠੇਕੇਦਾਰ ਵੱਲੋਂ ਮਈ, ਜੂਨ, ਜੁਲਾਈ ਅਤੇ ਅਗਸਤ ਦੀ ਮਹੀਨਾਵਾਰ ਕਿਸ਼ਤ ਦੀ ਰਾਸ਼ੀ 11 ਲੱਖ 88 ਹਜ਼ਾਰ 288 ਰੁਪਏ ਜਮਾ ਨਹੀਂ ਕਰਵਾਈ ਗਈ ਹੈ। ਰਾਸ਼ੀ ਦੀ ਅਦਾਇਗੀ ਲਈ ਨਿਗਮ ਨੇ ਪੱਤਰ ਵੀ ਜਾਰੀ ਕੀਤੇ ਪ੍ਰੰਤੂ ਅਦਾਇਗੀ ਨਹੀਂ ਹੋਈ। ਨਿਗਮ ਨੇ ਠੇਕੇਦਾਰ ਨੂੰ ਜਾਰੀ ਪੱਤਰ ਵਿੱਚ ਕਿਹਾ ਹੈ ਕਿ ਨਿਯਮਾਂ ਅਨੁਸਾਰ ਕਾਰ ਪਾਰਕਿੰਗ ਦੇ ਰੇਟ ਤੈਅ ਕੀਤੇ ਗਏ ਸਨ, ਪ੍ਰੰਤੂ ਆਮ ਜਨਤਾ ਵੱਲੋਂ ਕਈ ਸ਼ਿਕਾਇਤਾਂ ਮਿਲੀਆਂ ਹਨ ਕਿ 50 ਰੁਪਏ ਪ੍ਰਤੀ ਵਾਹਣ ਫ਼ੀਸ ਵਸੂਲੀ ਜਾ ਰਹੀ ਹੈ ਅਤੇ ਕੱਟੀ ਜਾ ਰਹੀ ਪਰਚੀ ਉੱਪਰ ਵੀ ਰੇਟ ਨਹੀਂ ਛਾਪੇ ਗਏ ਹਨ। ਇਸ ਸਬੰਧੀ ਜਾਰੀ ਕੀਤੇ ਗਏ ਨੋਟਿਸ ਦਾ ਵੀ ਠੇਕੇਦਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਜਿਸ ਕਰਕੇ ਨਗਰ ਨਿਗਮ ਨੇ ਇਸ ਪਾਰਕਿੰਗ ਦਾ ਠੇਕਾ ਟਰਮੀਨੇਟ ਕਰ ਦਿੱਤਾ ਹੈ।