’ਯੁੱਧ ਨਸ਼ਿਆਂ ਵਿਰੁੱਧ’- ਨਸ਼ਿਆਂ ਖਿਲਾਫ਼ ਵਿੱਢੀ ਜੰਗ ਨੂੰ ਲੋਕਾਂ ਦੇ ਸਹਿਯੋਗ ਨਾਲ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ: ਬ੍ਰਮ ਸ਼ੰਕਰ ਜਿੰਪਾ

-ਵਿਧਾਇਕ ਨੇ ਵਾਰਡ ਨੰਬਰ 47 ’ਚ ਕਰਵਾਏ ਜਾਗਰੂਕਤਾ ਸਮਾਗਮ ’ਚ ਕੀਤੀ ਸ਼ਿਰਕਤ
(Rajinder Kumar) ਹੁਸ਼ਿਆਰਪੁਰ, 4 ਅਗਸਤ 2025: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਾ ਛੁਡਾਊ ਮੁਹਿੰਮ ਤਹਿਤ ਹੁਸ਼ਿਆਰਪੁਰ ਦੇ ਵਾਰਡ ਨੰਬਰ 47 ਵਿਚ ਇਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਥਾਨਕ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਮੌਜੂਦ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਿੰਪਾ ਨੇ ਕਿਹਾ ਕਿ ਨਸ਼ਾ ਅੱਜ ਦੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿਚ ਧੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਜੰਗ ਨੂੰ ਲੋਕਾਂ ਦੇ ਸਹਿਯੋਗ ਨਾਲ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ਼ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਕਮਜ਼ੋਰ ਕਰਦਾ ਹੈ, ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਤੋੜਦਾ ਹੈ।
ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ। ਉਨ੍ਹਾਂ ਕਿਹਾ ਕਿ ਇਸ ਬੁਰਾਈ ਨੂੰ ਨਾ ਸਿਰਫ਼ ਪ੍ਰਸ਼ਾਸਨਿਕ ਕਾਰਵਾਈ ਨਾਲ, ਸਗੋਂ ਸਮਾਜਿਕ ਜਾਗਰੂਕਤਾ ਅਤੇ ਸਮੂਹਿਕ ਯਤਨਾਂ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ.ਐਚ.ਓ ਮਾਡਲ ਟਾਊਨ ਗੁਰਸਾਹਿਬ ਸਿੰਘ, ਕੌਂਸਲਰ ਬਿਮਲਾ ਦੇਵੀ, ਕਮਲਜੀਤ ਕੰਮਾ, ਵਿਧਾਨ ਸਭਾ ਕੋਆਰਡੀਨੇਟਰ ਕੰਚਨ ਦਿਓਲ, ਕੁਲਵੰਤ ਸਿੰਘ, ਸੁਰਿੰਦਰ ਭੋਗਲ, ਬ੍ਰਿਜ ਮੱਟੂ, ਵਿਕਾਸ ਮੱਟੂ ਤੋਂ ਇਲਾਵਾ ਹੋਰ ਉੱਘੇ ਨਾਗਰਿਕ, ਸਮਾਜ ਸੇਵਕ ਅਤੇ ਵੱਡੀ ਗਿਣਤੀ ਵਿਚ ਆਮ ਲੋਕ ਮੌਜੂਦ ਸਨ। ਸਾਰਿਆਂ ਨੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਸੰਕਲਪ ਲਿਆ ਕਿ ਉਹ ਆਪਣੇ ਇਲਾਕੇ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣਗੇ।