ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮਾਂ ਦਾ ਐਲਾਨ

0
– ਚਾਰ ਯਾਤਰਾਵਾਂ ਕੱਢੀਆਂ ਜਾਣਗੀਆਂ, ਲਾਈਟ ਐਂਡ ਸਾਊਂਡ ਸ਼ੋਅ, ਕੀਰਤਨ ਦਰਬਾਰ, ਸੈਮੀਨਾਰ ਅਤੇ ਵਿਚਾਰ-ਗੋਸ਼ਟੀਆਂ ਕਰਵਾਏਗੀ ਪੰਜਾਬ ਸਰਕਾਰ
– ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਹੋਵੇਗਾ ਸਮਾਗਮ
(Rajinder Kumar) ਚੰਡੀਗੜ੍ਹ, 21 ਜੁਲਾਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬਾ ਸਰਕਾਰ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਲੜੀਵਾਰ ਸਮਾਗਮਾਂ ਨੂੰ ਅੰਤਿਮ ਰੂਪ ਦਿੱਤਾ।
ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਸ਼ਹੀਦੀ ਦਿਹਾੜੇ ਮੌਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਇਤਿਹਾਸਕ ਮੌਕੇ ਸੂਬਾ ਸਰਕਾਰ ਵਿਆਪਕ ਪੱਧਰ ’ਤੇ ਯਾਦਗਾਰੀ ਸਮਾਗਮ ਕਰਵਾਏਗੀ। ਉਨ੍ਹਾਂ ਕਿਹਾ ਕਿ ਸੂਬਾ ਭਰ ਵਿੱਚ 19 ਨਵੰਬਰ ਤੋਂ 25 ਨਵੰਬਰ, 2025 ਤੱਕ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਲੜੀਵਾਰ ਸਮਾਗਮ ਕਰਵਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਸੂਬਾ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਮੁੱਖ ਕੇਂਦਰ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਦੀਆਂ ਚਾਰ ਦਿਸ਼ਾਵਾਂ ਤੋਂ ਯਾਤਰਾਵਾਂ ਕੱਢੀਆਂ ਜਾਣਗੀਆਂ ਜਿਨ੍ਹਾਂ ਦੀ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਮੁੱਖ ਮੰਤਰੀ ਨੇ ਹੋਰ ਵਿਸਥਾਰ ਵਿੱਚ ਦੱਸਿਆ ਕਿ 21 ਨਵੰਬਰ ਤੋਂ ਸ੍ਰੀਨਗਰ (ਜੰਮੂ ਕਸ਼ਮੀਰ) ਦੀ ਇਤਿਹਾਸਕ ਧਰਤੀ ਤੋਂ ਯਾਤਰਾ ਕੱਢੀ ਜਾਵੇਗੀ ਜੋ ਪਠਾਨਕੋਟ ਅਤੇ ਹੁਸ਼ਿਆਰਪੁਰ ਤੋਂ ਗੁਜ਼ਰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ। ਭਗਵੰਤ ਸਿੰਘ ਨੇ ਅੱਗੇ ਦੱਸਿਆ ਕਿ ਦੂਜੀ ਯਾਤਰਾ ਗੁਰਦਾਸਪੁਰ ਤੋਂ ਕੱਢੀ ਜਾਵੇਗੀ ਜੋ ਬਾਬਾ ਬਕਾਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਜਲੰਧਰ ਤੋਂ ਗੁਜ਼ਰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਤੀਜੀ ਯਾਤਰਾ ਫਿਰੋਜ਼ਪੁਰ ਤੋਂ ਕੱਢੀ ਜਾਵੇਗੀ ਜੋ ਮੋਗਾ ਅਤੇ ਲੁਧਿਆਣਾ ਤੋਂ ਗੁਜ਼ਰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਚੌਥੀ ਯਾਤਰਾ ਵੀ ਫਿਰੋਜ਼ਪੁਰ ਤੋਂ ਕੱਢੀ ਜਾਵੇਗੀ ਜੋ ਫਰੀਦਕੋਟ, ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ ਅਤੇ ਪਟਿਆਲਾ ਦੇ ਇਤਿਹਾਸਕ ਨਗਰਾਂ ਤੋਂ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਅਤੇ ਫਲਸਫੇ ਦੇ ਪਾਸਾਰ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਲਾਮਿਸਾਲ ਕੁਰਬਾਨੀ ’ਤੇ ਅਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਅਤੇ ਕਵੀ ਦਰਬਾਰ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਵੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ, ਦਰਸ਼ਨ ਅਤੇ ਸ਼ਹਾਦਤ ’ਤੇ ਕੇਂਦਰਿਤ ਵਿਸ਼ੇਸ਼ ਸੈਮੀਨਾਰ ਅਤੇ ਵਿਚਾਰ-ਗੋਸ਼ਟੀਆਂ ਕਰਵਾਈਆਂ ਜਾਣਗੀਆਂ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਮੁੱਖ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 23 ਨਵੰਬਰ, 2025 ਨੂੰ ਪੂਰਨ ਸ਼ਰਧਾ ਭਾਵਨਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਣਗੇ ਅਤੇ 25 ਨਵੰਬਰ, 2025 ਨੂੰ ਸਮਾਪਤੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਿੰਨ ਦਿਨਾ ਲੜੀਵਾਰ ਸਮਾਗਮਾਂ ਵਿੱਚ ਅੰਤਰ-ਧਰਮ ਸੰਮੇਲਨ (ਇੰਟਰਫੇਥ ਕਾਨਫਰੰਸ) ਵੀ ਕਰਵਾਇਆ ਜਾਵੇਗਾ ਜਿਸ ਦਾ ਮਨੋਰਥ ਵੱਖ-ਵੱਖ ਧਰਮਾਂ ਦਰਮਿਆਨ ਸਦਭਾਵਨਾ ਦਾ ਸੰਦੇਸ਼ ਫੈਲਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਸ਼ਾਮ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੁਆਰਾ ਰਵਾਇਤੀ ਜੰਗਜੂ ਕਲਾ ਗੱਤਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਜੋ ਖਾਲਸਾਈ ਪ੍ਰੰਪਰਾ ਦਾ ਪ੍ਰਤੀਕ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯਾਦਗਾਰੀ ਸਮਾਗਮਾਂ ਦੌਰਾਨ ਸ਼ਹਿਰਾਂ ਦੀ ਸੁੰਦਰਤਾ ਅਤੇ ਸ਼ਰਧਾਲੂਆਂ ਲਈ ਵਿਸ਼ੇਸ਼ ਇੰਤਜ਼ਾਮ ਹੋਣਗੇ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਸੁਆਗਤ ਅਤੇ ਸਹੂਲਤ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੜਕਾਂ ਦੀ ਮੁਰੰਮਤ, ਇਮਾਰਤਾਂ ਦੀ ਪੇਂਟਿੰਗ ਅਤੇ ਪੂਰੇ ਸ਼ਹਿਰ ਵਿੱਚ ਰੌਸ਼ਨੀ ਕਰਨ ਲਈ ਵਿਸ਼ੇਸ਼ ਬੰਦੋਬਸਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨਾਂ ਦੀ ਸੰਭਾਲ, ਮੁਰੰਮਤ ਅਤੇ ਨਵੀਨੀਕਰਨ ਲਈ ਸਬੰਧਤ ਵਿਭਾਗਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬ ਜੀ ਦੀ ਗੌਰਵਮਈ ਵਿਰਾਸਤ ਬਾਰੇ ਜਾਣੂੰ ਕਰਵਾਉਣਾ ਹੈ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ., ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਅਤੇ ਹੋਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed