ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਜਲੰਧਰ ਨੂੰ ਲੰਮਾ ਪਿੰਡ-ਜੰਡੂ ਸਿੰਘਾ ਰੋਡ ’ਤੇ ਸੀਵਰੇਜ ਬਲਾਕੇਜ ਦਾ ਹੱਲ ਕਰਨ ਦੀ ਹਦਾਇਤ

– ਲੰਮਾ ਪਿੰਡ-ਜੰਡੂ ਸਿੰਘਾ ਰੋਡ ਨੂੰ ਚੌੜਾ ਤੇ ਚਹੁੰ ਮਾਰਗੀ ਕਰਨ ਦੀ ਪ੍ਰਗਤੀ ਦਾ ਲਿਆ ਜਾਇਜ਼ਾ
– ਲੋਕ ਨਿਰਮਾਣ ਵਿਭਾਗ ਨੂੰ ਨਹਿਰੀ ਪਾਣੀ ਪ੍ਰਾਜੈਕਟ ਤਹਿਤ ਪਾਈਪ ਲਾਈਨ ਵਿਛਾਉਣ ਉਪਰੰਤ ਸੜਕ ਨੂੰ ਪੱਧਰਾ ਕਰਨ ਦੇ ਵੀ ਦਿੱਤੇ ਨਿਰਦੇਸ਼
(Rajinder Kumar) ਜਲੰਧਰ, 15 ਜੁਲਾਈ 2025: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਹੁਸ਼ਿਆਰਪੁਰ ਰੋਡ ਦਾ ਦੌਰਾ ਕਰਕੇ ਇਸ ਹਾਈਵੇ ਨੂੰ ਚੌੜਾ ਅਤੇ ਚਹੁੰ-ਮਾਰਗੀ ਕਰਨ ਦੇ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ ਜਲੰਧਰ ਨਗਰ ਨਿਗਮ ਨੂੰ ਇਸ ਸੜਕ ‘ਤੇ ਸੀਵਰੇਜ ਬਲਾਕੇਜ ਨੂੰ ਪਹਿਲ ਦੇ ਆਧਾਰ ‘ਤੇ ਦੂਰ ਕਰਨ ਦੀ ਹਦਾਇਤ ਕੀਤੀ, ਤਾਂ ਜੋ ਮੀਂਹ ਦੇ ਪਾਣੀ ਦੀ ਢੁੱਕਵੀਂ ਨਿਕਾਸੀ ਯਕੀਨੀ ਬਣਾਈ ਜਾ ਸਕੇ। ਇਸੇ ਤਰ੍ਹਾਂ ਉਨ੍ਹਾਂ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਨੂੰ ਵੀ ਨਹਿਰੀ ਪਾਣੀ ਪ੍ਰਾਜੈਕਟ ਤਹਿਤ ਪਾਈਪ ਲਾਈਨ ਵਿਛਾਉਣ ਤੋਂ ਬਾਅਦ ਸੜਕ ਨੂੰ ਪੱਧਰਾ ਕਰਨ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਰਾਹਗੀਰਾਂ ਨੂੰ ਇੱਥੋਂ ਲੰਘਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਸੜਕ ਦੇ ਇਸ ਹਿੱਸੇ ਨੂੰ ਸਮੇਂ ਸਿਰ ਪੂਰਾ ਕਰਨ ‘ਤੇ ਜ਼ੋਰ ਦਿੱਤਾ ਕਿਉਂਕਿ ਬਿਜਲੀ ਦੇ ਖੰਭਿਆਂ ਨੂੰ ਤਬਦੀਲ ਸਮੇਤ ਜ਼ਿਆਦਾਤਰ ਕੰਮ ਪਹਿਲਾਂ ਹੀ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਉਨ੍ਹਾਂ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਰੋਜ਼ਾਨਾ ਇਸ ਸੜਕ ਦੀ ਵਰਤੋਂ ਕਰਨ ਵਾਲੇ ਵੱਡੀ ਗਿਣਤੀ ਰਾਹਗੀਰਾਂ ਨੂੰ ਲਾਭ ਹੋ ਸਕੇ। ਉਨ੍ਹਾਂ ਨੇ ਲੰਮਾ ਪਿੰਡ-ਜੰਡੂ ਸਿੰਘਾ ਸੜਕ ਦੇ ਪੰਜ ਕਿਲੋਮੀਟਰ ਹਿੱਸੇ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਨੂੰ ਚੌੜਾ ਕਰਨ ਨਾਲ ਆਵਾਜਾਈ ਆਸਾਨ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਲੰਧਰ ਅਤੇ ਹੁਸ਼ਿਆਰਪੁਰ ਵਿਚਕਾਰ ਆਵਾਜਾਈ ਦਾ ਪ੍ਰਵਾਹ ਸੁਚਾਰੂ ਹੋ ਜਾਵੇਗਾ ਕਿਉਂਕਿ ਸ਼ਹਿਰੀ ਖੇਤਰ ਦੇ ਵੱਡੀ ਗਿਣਤੀ ਯਾਤਰੀਆਂ ਨੂੰ ਹੁਸ਼ਿਆਰਪੁਰ ਜਾਣ ਲਈ ਰਾਮਾ ਮੰਡੀ ਜਾਣ ਦੀ ਲੋੜ ਨਹੀਂ ਪਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਕੰਮ ਦੀ ਗਤੀ ’ਤੇ ਵਿਅਕਤੀਗਤ ਤੌਰ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।