ਨਸ਼ਾ ਛੱਡ ਰਹੇ ਵਿਅਕਤੀਆਂ ਨੂੰ ਫਾਸਟ ਫੂਡ ਟ੍ਰੇਨਿੰਗ ਕੋਰਸ ਕਰਵਾਇਆ

– ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਰਵਾਏ ਜਾ ਰਹੇ ਨੇ ਕਿੱਤਾ ਮੁਖੀ ਕੋਰਸ : ਡਿਪਟੀ ਕਮਿਸ਼ਨਰ
– ਸਾਕੇਤ ਵਿਖੇ ਇਲਾਜ ਕਰਵਾ ਰਹੇ ਵਿਅਕਤੀਆਂ ਨੇ ਸਫਲਤਾ ਨਾਲ ਮੁਕੰਮਲ ਕੀਤਾ ਫਾਸਟ ਫੂਡ ਦਾ ਕੋਰਸ
– ਆਰਸੇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਕੋਰਸ ਨਸ਼ਾ ਛੱਡ ਰਹੇ ਵਿਅਕਤੀਆਂ ਨੂੰ ਆਤਮ ਨਿਰਭਰ ਬਣਾਉਣ ‘ਚ ਹੋਵੇਗਾ ਸਹਾਈ : ਡਾ. ਪ੍ਰੀਤੀ ਯਾਦਵ
(Rajinder Kumar) ਪਟਿਆਲਾ, 14 ਜੁਲਾਈ 2025: ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੇ ਮਕਸਦ ਨਾਲ ਇਲਾਜ ਦੌਰਾਨ ਹੀ ਕਿੱਤਾ ਮੁਖੀ ਕੋਰਸ ਦੀ ਟਰੇਨਿੰਗ ਦੇਣ ਦੀ ਪਹਿਲ ਕਦਮੀ ਕੀਤੀ ਗਈ ਹੈ, ਜਿਸ ਤਹਿਤ ਸਾਕੇਤ ਨਸ਼ਾ ਮੁਕਤੀ ਤੇ ਜ਼ਿਲ੍ਹਾ ਪੁਨਰਵਾਸ ਕੇਂਦਰ ਵਿਖੇ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਰਸੇਟੀ ਦੇ ਸਹਿਯੋਗ ਨਾਲ ਫਾਸਟ ਫੂਡ ਟਰੇਨਿੰਗ ਕੋਰਸ ਮੁਕੰਮਲ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੋਰਸ ਮੁਕੰਮਲ ਹੋਣ ‘ਤੇ ਪ੍ਰਾਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਸਫਲਤਾਪੂਰਵਕ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਸ਼ਿਆਂ ਨੂੰ ਛੱਡ ਕੇ ਸਮਾਜ ਦੀ ਮੁਖ ਧਾਰਾ ਦਾ ਹਿੱਸਾ ਬਣਨ ਦੇ ਨਾਲ ਨਾਲ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਟਰੇਨਿੰਗ ਲੈਣਾ ਉਨ੍ਹਾਂ ਦੀ ਨਸ਼ਿਆਂ ਵਿਰੁੱਧ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਆਪਣਾ ਕੰਮ ਸ਼ੁਰੂ ਕਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਕੇਵਲ ਟਰੇਨਿੰਗ ਸਗੋਂ ਲੋਨ ਦਿਵਾਉਣ ਸਮੇਤ ਮਾਹਰਾਂ ਦੀ ਮਦਦ ਵੀ ਪ੍ਰਦਾਨ ਕੀਤੀ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨਸ਼ਾ ਛੱਡਣ ਲਈ ਦਾਖਲ ਵਿਅਕਤੀਆਂ ਲਈ ਭਵਿੱਖ ਵਿੱਚ ਵੀ ਅਜਿਹੇ ਕੋਰਸ ਕਰਵਾਏ ਜਾਣਗੇ, ਜਿਸ ਵਿੱਚ ਫਾਸਟ ਫੂਡ ਸਮੇਤ ਡੇਅਰੀ ਫਾਰਮਿੰਗ, ਪਲਬਰ, ਏ.ਸੀ. ਰਿਪੇਅਰ, ਇਲੈਕਟ੍ਰਸ਼ੀਅਨ ਆਦਿ ਕੋਰਸ ਕਰਵਾ ਕੇ ਇਲਾਜ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਸਾਕੇਤ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਾਕੇਤ ਵਿਖੇ ਦਾਖਲ 25 ਪ੍ਰਾਰਥੀਆਂ ਨੂੰ ਆਰਸੇਟੀ ਵੱਲੋਂ ਫਾਸਟ ਫੂਡ ਦੀ ਟਰੇਨਿੰਗ ਦਿੱਤੀ ਗਈ ਹੈ। ਜਿਨ੍ਹਾਂ ਨੂੰ ਅੱਜ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਹਨ। ਇਸ ਮੌਕੇ ਆਰਸੇਟ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਆਰਸੇਟੀ ਵਿਖੇ ਚੱਲ ਰਹੇ ਵੱਖ ਵੱਖ ਕੋਰਸਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਲਗਾਤਾਰ ਆਰਸੇਟੀ ਵੱਲੋਂ ਕੋਰਸ ਕਰਵਾਏ ਜਾ ਰਹੇ ਹਨ।
ਇਸ ਮੌਕੇ ਡਾ. ਜਸਵਿੰਦਰ ਸਿੰਘ, ਆਰਸੇਟੀ ਦੇ ਕੋਆਰਡੀਨੇਟਰ ਹਰਦੀਪ ਰਾਏ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਡਿਪਟੀ ਸੀ.ਈ.ਓ ਸਤਿੰਦਰ ਸਿੰਘ, ਕੈਰੀਅਰ ਕਾਊਂਸਲਰ ਡਾ. ਰੂਪਸੀ ਪਾਹੂਜਾ, ਸੁਮਿਤ ਜੋਸ਼ੀ ਤੇ ਅਜੀਤਇੰਦਰ ਸਿੰਘ ਮੌਜੂਦ ਹਨ।