ਬਿਸਤ ਦੁਆਬ ਨਹਿਰ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਮੋਘੇ ਕੱਢਣ ਨੂੰ ਸਰਕਾਰ ਨੇ ਦਿੱਤੀ ਮਨਜੂਰੀ-ਡਾ. ਰਾਜ ਕੁਮਾਰ ਚੱਬੇਵਾਲ

0

– ਜ਼ਿਮਨੀ ਚੋਣ ਸਮੇਂ ਕਿਸਾਨਾਂ ਨਾਲ ਕੀਤਾ ਵਾਅਦਾ ਸਰਕਾਰ ਨੇ ਪੂਰਾ ਕੀਤਾ-ਡਾ. ਇਸ਼ਾਂਕ ਕੁਮਾਰ

(Rajinder Kumar) ਹੁਸ਼ਿਆਰਪੁਰ, 4 ਜੁਲਾਈ 2025: ਆਜ਼ਾਦੀ ਤੋਂ ਕੁਝ ਸਾਲ ਬਾਅਦ ਬਣੀ ਬਿਸਤ ਦੁਆਬ ਨਹਿਰ ਵਿੱਚੋ ਹੁਣ ਨਹਿਰ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਮੋਘੇ ਕੱਢਣ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਵੱਲੋਂ ਦਫ਼ਤਰ ਵਿੱਚ ਸੰਗਠਨ ਪ੍ਰਧਾਨ, ਬਲਾਕ ਪ੍ਰਭਾਰੀ ਅਤੇ ਬਲਾਕ ਪ੍ਰਧਾਨਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸਾਂਝੀ ਕੀਤੀ ਗਈ।

ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਚੱਬੇਵਾਲ ਹਲਕੇ ਦੀ ਜ਼ਿਮਨੀ ਚੋਣ ਸਮੇਂ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਹਿਰ ਨਾਲ ਲੱਗਦੀਆਂ ਜਮੀਨਾਂ ਨੂੰ ਨਹਿਰ ਦਾ ਪਾਣੀ ਉਪਲਬਧ ਕਰਵਾਇਆ ਜਾਵੇਗਾ ਅਤੇ ਹੁਣ ਇਹ ਵਾਅਦਾ ਪੂਰਾ ਹੋ ਚੁੱਕਾ ਹੈ, ਇਹ ਸਿਰਫ ਚੱਬੇਵਾਲ ਹਲਕੇ ਦੇ ਕਿਸਾਨਾਂ ਨੂੰ ਹੀ ਨਹੀਂ ਸਗੋਂ ਨਾਲ ਲੱਗਦੇ ਫਗਵਾੜਾ ਅਤੇ ਗੜ੍ਹਸ਼ੰਕਰ ਹਲਕੇ ਦੇ ਪਿੰਡਾਂ ਨੂੰ ਵੀ ਇਸਦਾ ਫਾਇਦਾ ਹੋਵਾਗਾ, ਹੁਣ ਜਿਸ ਵੀ ਕਿਸਾਨ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਹੋਵੇਗੀ ਉਹ ਸਬੰਧਤ ਨਹਿਰੀ ਵਿਭਾਗ (ਜਲੰਧਰ ਬ੍ਰਾਂਚ) ਕੋਲ ਇਸ ਸਬੰਧੀ ਅਰਜੀ ਦੇ ਕੇ ਮੋਘੇ ਦੀ ਮੰਗ ਕਰ ਸਕਦਾ ਹੈ ਜਿਸ ਉਪਰੰਤ ਵਿਭਾਗ ਵੱਲੋਂ ਤੁਰੰਤ ਸਬੰਧਿਤ ਕਿਸਾਨ ਦੇ ਖੇਤ ਨੂੰ ਨਹਿਰ ਵਿੱਚੋ ਪਾਣੀ ਦੇ ਦਿੱਤਾ ਜਾਵੇਗਾ।

ਡਾ. ਚੱਬੇਵਾਲ ਨੇ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਨੇ ਟੇਲਾਂ ਤੱਕ ਪਾਣੀ ਪੁੱਜਦਾ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ ਜਿਸ ਨਾਲ ਇੱਕ ਤਾਂ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣਾ ਯਕੀਨੀ ਬਣਿਆ ਅਤੇ ਦੂਜਾ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਰਿਹਾ ਹੈ, ਉੱਥੇ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੀ ਨਹਿਰ ਬਣੀ ਹੈ ਇਸ ਦਾ ਫਾਇਦਾ ਕਦੇ ਵੀ ਨਹਿਰ ਨਾਲ ਲੱਗਦੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਨਹੀਂ ਮਿਲਿਆ ਸੀ ਲੇਕਿਨ ਹੁਣ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਲਏ ਕਿਸਾਨ ਪੱਖੀ ਫੈਸਲੇ ਨਾਲ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣਾ ਯਕੀਨੀ ਬਣ ਸਕਿਆ ਹੈ।

ਡਾ.ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਦੋਆਬੇ ਵਿੱਚ ਬਹੁ-ਗਿਣਤੀ ਕਿਸਾਨਾਂ ਕੋਲ ਜ਼ਮੀਨਾਂ ਬਹੁਤ ਘੱਟ ਹਨ ਇਸ ਲਈ ਹਰ ਇੱਕ ਕਿਸਾਨ ਲੱਖਾਂ ਰੁਪਏ ਟਿਊਬਵੈੱਲ ਉੱਪਰ ਖਰਚ ਨਹੀਂ ਕਰ ਸਕਦਾ ਅਤੇ ਪੰਜਾਬ ਸਰਕਾਰ ਵੱਲੋਂ ਇਸੇ ਤੱਥ ਨੂੰ ਸਾਹਮਣੇ ਰੱਖ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦਾ ਫੈਸਲਾ ਲਿਆ ਗਿਆ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 4 ਹਜਾਰ ਕਰੋੜ ਰੁਪਏ ਨਹਿਰਾਂ ਦੇ ਨਵੀਨੀਕਰਨ ਉੱਪਰ ਖਰਚ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਬਿਸਤ ਦੁਆਬ ਨਹਿਰ ਦੇ ਨਾਲ ਨਾਲ ਬਹੁਤ ਜਲਦੀ ਰੇਲਿੰਗ ਲਗਾਈ ਜਾਵੇਗੀ ਤਾਂ ਜੋ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਤਰੰਤ ਪ੍ਰਭਾਵ ਨਾਲ ਰੋਕਿਆ ਜਾ ਸਕੇ ।

ਇਸ ਮੌਕੇ ਸੰਗਠਨ ਇੰਚਾਰਜ ਭੁਪਿੰਦਰ ਸਿੰਘ, ਬਲਾਕ ਪ੍ਰਭਾਰੀ ਜਸਵਿੰਦਰ ਸਿੰਘ ਖਹਿਰਾ , ਚਰਨਜੀਤ ਬੰਟੀ, ਜਸਪਾਲ ਸਿੰਘ, ਸ਼ਿਵਰੰਜਨ ਸਿੰਘ, ਭਰਤ ਲਾਲ, ਕਿਰਪਾਲ ਸਿੰਘ, ਡਾ. ਵਿਪਨ, ਕਿਰਪਾਲ ਸਿੰਘ, ਬਿਰਲਾ ਸੇਠ (ਸਾਰੇ ਬਲਾਕ ਪ੍ਰਭਾਰੀ), ਬਲਾਕ ਪ੍ਰਧਾਨਾਂ ਵਿੱਚ ਨਰੇਸ਼, ਗਣੇਸ਼ ਕੁਮਾਰ ਗਿੰਨੀ, ਜਤਿੰਦਰ ਕੁਮਾਰ, ਨਰਿੰਦਰ ਮਹਿਨਾ, ਲਖਵੀਰ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਭਾਮ, ਵਿਕਾਸ ਸ਼ਰਮਾ, ਰਿੱਕੀ ਪਰਮਾਰ ਬੱਡੋ, ਜਸਪਾਲ ਸਿੰਘ, ਸੁਖਜੀਤ ਸਿੰਘ, ਜਸਕਰਨ ਅਜਨੋਹਾ, ਹਰਦੀਪ ਸਿੰਘ ਦੀਪਾ ਅਤੇ ਦਲਜੀਤ ਪੱਟੀ ਵੀ ਹਾਜਰ ਸਨ।

About The Author

Leave a Reply

Your email address will not be published. Required fields are marked *