ਐਮਰਜੈਂਸੀ ਨਾਲ ਨਜਿੱਠਣ ਲਈ ਕਰਵਾਈ ਜ਼ਿਲ੍ਹਾ ਪੱਧਰੀ ਮੌਕ ਡਰਿੱਲ

0

– ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਦਸੂਹਾ ਕੈਂਟ ਗਰਾਊਂਡ ਵਿਚ ਹੋਇਆ ਅਭਿਆਸ
 
– ਆਮ ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਦੀ ਜਾਂਚ ਦੇ ਮਕਸਦ ਨਾਲ ਕੀਤਾ ਗਿਆ ਅਭਿਆਸ  

(Krishna raja) ਹੁਸ਼ਿਆਰਪੁਰ/ ਦਸੂਹਾ, 31 ਮਈ 2025: ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਵਾਸੀਆਂ ਨੂੰ ਐਮਰਜੈਂਸੀ ਸਥਿਤੀ ਵਿਚ ਸੁਰੱਖਿਆ ਅਤੇ ਬਚਾਅ ਪ੍ਰਤੀ ਜਾਗਰੂਕ ਕਰਨ ਅਤੇ ਪ੍ਰਸ਼ਾਸਨਿਕ ਤਿਆਰੀਆਂ ਦੀ ਜਾਂਚ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਦਸੂਹਾ ਦੇ ਕੈਂਟ ਗਰਾਊਂਡ ਵਿੱਚ ਇਕ ਜ਼ਿਲ੍ਹਾ ਪੱਧਰੀ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ।

ਡਰਿੱਲ ਦੇ ਦ੍ਰਿਸ਼ ਅਨੁਸਾਰ, ਇਕ ਮਿਲਟਰੀ ਸਟੇਸ਼ਨ ’ਤੇ ਦੁਸ਼ਮਣ ਦੇ ਡਰੋਨਾਂ ਦੇ ਝੁੰਡ ਵੱਲੋਂ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਸਟੇਸ਼ਨ ਕਮਾਂਡਰ ਨੇ ਸਿਵਲ ਪ੍ਰਸ਼ਾਸਨ ਤੋਂ ਮਦਦ ਮੰਗੀ। ਇਸ ਦੇ ਤਹਿਤ ਮੌਕੇ ’ਤੇ ਪਹੁੰਚੇ ਪ੍ਰਸ਼ਾਸਨ ਨੇ 20 ਪੀੜਤਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ ਦਾ ਅਭਿਆਸ ਕੀਤਾ।

ਡਰਿੱਲ ਦੇ ਸਮਾਪਤੀ ’ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਅਭਿਆਸ ਸਰਕਾਰ ਦੀ ਚੌਕਸੀ ਨੀਤੀ ਦੇ ਤਹਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਜਾਂ ਐਮਰਜੈਂਸੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਅਤੇ ਤਾਲਮੇਲ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇਕ ਮਾਡਲ ਅਭਿਆਸ ਪ੍ਰਕਿਰਿਆ ਸੀ, ਜਿਸ ਕਾਰਨ ਆਮ ਜਨਤਾ ਨੂੰ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦਾ ਮੁੱਖ ਮਕਸਦ ਜ਼ਿਲ੍ਹਾ ਵਾਸੀਆਂ ਨੂੰ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਤਿਆਰ ਕਰਨਾ ਹੈ। ਨਾਲ ਹੀ, ਉਨ੍ਹਾਂ ਨੌਜਵਾਨਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਜਾਗਰੂਕਤਾ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਸ ਮੌਕ ਡਰਿੱਲ ਵਿੱਚ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਟੀਮਾਂ, 12 ਪੰਜਾਬ ਐਨ.ਸੀ.ਸੀ., ਐਨ.ਐਸ.ਐਸ. ਪੁਲਿਸ ਅਤੇ ਹੋਮ ਗਾਰਡ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਅਭਿਆਸ ਦੌਰਾਨ ਆਪਸੀ ਤਾਲਮੇਲ ਅਤੇ ਤੁਰੰਤ ਪ੍ਰਤੀਕਿਰਿਆ ਸਮਰੱਥਾ ਦੀ ਵੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ।

ਐਸ.ਡੀ.ਐਮ. ਦਸੂਹਾ ਕੰਵਲਜੀਤ ਸਿੰਘ ਨੇ ਮੌਕ ਡਰਿੱਲ ਦਾ ਸੰਚਾਲਨ ਕੀਤਾ ਅਤੇ ਪੰਜਾਬ ਪੁਲਿਸ, ਹੋਮ ਗਾਰਡ, ਸਿਵਲ ਡਿਫੈਂਸ, ਸਿਵਲ ਸਰਜਨ ਅਤੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਇਸ ਅਭਿਆਸ ਨੂੰ ਸਫਲਤਾਪੂਰਵਕ ਸੰਪਨ ਕਰਵਾਇਆ।

ਡਰਿੱਲ ਦੌਰਾਨ ਆਮ ਨਾਗਰਿਕਾਂ ਦੀ ਮੌਜੂਦਗੀ ਵੀ ਰਹੀ, ਜਿਨ੍ਹਾਂ ਵਿਚੋਂ ਕਈ ਲੋਕਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਪ੍ਰਸ਼ਾਸਨ ਦੇ ਯਤਨਾਂ ਦੀ ਪ੍ਰਸੰਸਾ ਕੀਤੀ। ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਅਜਿਹੇ ਅਭਿਆਸ ਜਾਰੀ ਰਹਿਣਗੇ ਤਾਂ ਜੋ ਜ਼ਿਲ੍ਹੇ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹੋਰ ਵੀ ਸਮਰੱਥ ਬਣਾਇਆ ਜਾ ਸਕੇ। ਇਸ ਮੌਕੇ ਡੀ.ਐਸ.ਪੀ ਬਲਵਿੰਦਰ ਸਿੰਘ, ਕੈਪਟਨ ਦਵਿੰਦਰ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਚੀਫ ਵਾਰਡਨ ਸਿਵਲ ਡਿਫੈਂਸ ਲੋਕੇਸ਼ ਪੁਰੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਵਲੰਟੀਅਰ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *