ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਯੂ.ਪੀ.ਐਸ.ਸੀ. ਦਾ ਵਕਾਰੀ ਇਮਤਿਹਾਨ ਪਾਸ ਕਰਨ ਵਾਲੇ ਲਾਰਸਨ ਸਿੰਗਲਾ ਦੇ ਘਰ ਪਹੁੰਚ ਕੇ ਦਿੱਤੀ ਵਧਾਈ

– ਕਿਹਾ, ਚੁਣੌਤੀਆਂ ਦੇ ਬਾਵਜੂਦ ਦੇਸ਼ ਦਾ ਸਭ ਤੋਂ ਵੱਧ ਮੁਕਾਬਲੇ ਵਾਲਾ ਟੈਸਟ ਪਾਸ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਲਾਰਸਨ ਸਿੰਗਲਾ
– ਸਾਡੇ ਨੌਜਵਾਨਾਂ ਦੀ ਛੁਪੀ ਪ੍ਰਤਿਭਾ ਨਿਖਾਰਨ ਤੇ ਮਾਰਗਦਰਸ਼ਨ ਲਈ ਪੰਜਾਬ ਸਰਕਾਰ ਨੇ ਮੈਂਟਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ- ਕੁਲਤਾਰ ਸਿੰਘ ਸੰਧਵਾਂ
(Rajinder Kumar) ਪਾਤੜਾਂ, 31 ਮਈ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅੱਜ ਪਾਤੜਾਂ ਦੇ ਨੌਜਵਾਨ ਲਾਰਸਨ ਸਿੰਗਲਾ (ਤਹਿਸੀਲਦਾਰ) ਵੱਲੋਂ ਦੇਸ਼ ਵਿੱਚ ਮੁਕਾਬਲੇ ਦੀ ਸਭ ਤੋਂ ਵਕਾਰੀ ਪ੍ਰੀਖਿਆ ਯੂ.ਪੀ.ਐਸ.ਸੀ. ਟੈਸਟ ਪਾਸ ਕਰਨ ‘ਤੇ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ। ਸਪੀਕਰ ਸੰਧਵਾਂ ਨੇ ਲਾਰਸਨ, ਪਤਨੀ ਪ੍ਰਭ, ਉਸਦੇ ਪਿਤਾ ਸੰਤੋਸ਼ ਕੁਮਾਰ ਸਿੰਗਲਾ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਦੇਸ਼ ਦਾ ਸਭ ਤੋਂ ਵੱਧ ਮੁਕਾਬਲੇ ਵਾਲਾ ਵਕਾਰੀ ਟੈਸਟ ਪਾਸ ਕਰਕੇ ਲਾਰਸਨ ਸਿੰਗਲਾ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਹਾਜ਼ਰ ਸਨ।
ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ ਪਰੰਤੂ ਇਸ ਨੂੰ ਨਿਖਾਰਨ ਦੀ ਲੋੜ ਸੀ, ਜਿਸ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੈਂਟਰਸ਼ਿਪ ਤੇ ਇੱਕ ਦਿਨ ਡੀਸੀ/ਐਸਐਸਪੀ ਸੰਗ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੰਦਿਆਂ ਕੌਮੀ ਤੇ ਕੌਮਾਂਤਰੀ ਪੱਧਰ ਦੀ ਬਣਾਉਣ ਲਈ ਆਪਣੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਫਿਨਲੈਂਡ ਤੇ ਸਿੰਗਾਪੁਰ ਸਿਖਲਾਈ ਲੈਣ ਲਈ ਭੇਜਿਆ ਜਦਕਿ ਪਿਛਲੀਆਂ ਸਰਕਾਰਾਂ ਸਮੇਂ ਮੰਤਰੀ ਹੀ ਵਿਦੇਸ਼ਾਂ ਦੇ ਦੌਰੇ ਕਰਦੇ ਰਹੇ ਸਨ।
ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਖੁਸ਼ੀ ਤੇ ਧਰਵਾਸ ਵਾਲੀ ਗੱਲ ਹੈ ਕਿ ਪੰਜਾਬ ਦੇ ਨੌਜਵਾਨ ਪੁਰਾਣਾ ਜਾਹੋ-ਜਲਾਲ ਬਹਾਲ ਕਰਨ ਲੱਗੇ ਹਨ ਅਤੇ ਪ੍ਰਾਪਤੀਆਂ ਹਾਸਲ ਕਰਕੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵੱਲ ਵੱਧ ਰਹੇ ਹਨ। ‘ਬੇਹਿੰਮਤੇ ਨੇ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ..’ ਸ਼ੇਅਰ ਸੁਣਾਉਂਦਿਆਂ ਸੰਧਵਾਂ ਨੇ ਕਿਹਾ ਕਿ ਲਾਰਸਨ ਬੇਸ਼ੱਕ ਕਾਲਜ ਵਿੱਚ ਜਾ ਕੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਪਰ ਉਸ ਨੇ ਹਿੰਮਤ ਕੀਤੀ ਤੇ ਆਪਣੀ ਮਿਹਨਤ ਸਦਕਾ ਹੀ ਆਪਣਾ ਮੁਕਾਮ ਹਾਸਲ ਕੀਤਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਨੌਜਵਾਨਾਂ ਨੂੰ ਲਗਨ ਨਾਲ ਮਿਹਨਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਲਾਰਸਨ ਨੇ ਪੰਜਾਬ ਤੇ ਪਾਤੜਾਂ ਸਮੇਤ ਆਪਣੇ ਪਰਿਵਾਰ ਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ ਤੇ ਨਾਮ ਰੌਸ਼ਨ ਕੀਤਾ ਹੈ, ਜਿਸ ਲਈ ਨੌਜਵਾਨ ਪੀੜ੍ਹੀ ਲਾਰਸਨ ਵਰਗੇ ਹਿੰਮਤੀ ਨੌਜਵਾਨਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਟੀਚੇ ਹਾਸਲ ਕਰੇ।
ਇਸ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਐਸ ਡੀ ਐਮ ਅਸ਼ੋਕ ਕੁਮਾਰ, ਡੀ ਐਸ ਪੀ ਇੰਦਰਪਾਲ ਸਿੰਘ ਚੌਹਾਨ, ਲਾਇਨਜ ਕਲੱਬ ਦੇ ਮੈਂਬਰਾਂ ਸਮੇਤ ਗਾਂਧੀ ਰਾਮ, ਡੇਵਿਡ ਸਿੰਗਲਾ, ਅੰਚਿਤ ਤੇ ਵਨੀਤ ਸਿੰਗਲਾ ਆਦਿ ਹੋਰ ਪਤਵੰਤੇ ਹਾਜ਼ਰ ਸਨ।