ਫਾਜ਼ਿਲਕਾ ਦੇ ਵਿਧਾਇਕ ਨੇ ਵਿਧਾਨ ਸਭਾ ਵਿੱਚ ਪਾਣੀਆਂ ਦੇ ਮੁੱਦੇ ਤੇ ਉਠਾਈ ਆਵਾਜ਼

(Rajinder Kumar) ਫਾਜਿਲਕਾ, 5 ਮਈ 2025: ਪੰਜਾਬ ਸਰਕਾਰ ਵੱਲੋਂ ਅੱਜ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਫਾਜਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਨੇ ਪਾਣੀਆਂ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਤੇ ਹਰਿਆਣੇ ਦੀ ਧੱਕੇਸ਼ਾਹੀ ਨਾਲ ਪੰਜਾਬ ਦਾ ਪਾਣੀ ਹਰਿਆਣੇ ਨੂੰ ਚਲਾ ਜਾਂਦਾ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ਜਿਲੇ ਦੇ ਕਿਸਾਨਾਂ ਨੂੰ ਹੋਣਾ ਸੀ।
ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਰਾਖੀ ਲਈ ਲਏ ਗਏ ਸਟੈਂਡ ਦਾ ਹੀ ਨਤੀਜਾ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੀਆਂ ਟੇਲਾਂ ਤੱਕ ਪੂਰਾ ਪਾਣੀ ਪਹੁੰਚ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨਵੇਂ ਖਾਲੇ ਬਣਾਏ ਜਾ ਰਹੇ ਹਨ ਉੱਥੇ ਪੁਰਾਣੇ ਖਾਲੇ ਬਹਾਲ ਕਰਨ ਅਤੇ ਨਹਿਰਾਂ ਨੂੰ ਪੱਕਿਆਂ ਕਰਨ ਦੇ ਪ੍ਰੋਜੈਕਟਾਂ ਨਾਲ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਰਿਆਣਾ ਪਹਿਲਾਂ ਹੀ ਆਪਣੇ ਹੱਕ ਦੇ ਪਾਣੀ ਦਾ ਇਸਤੇਮਾਲ ਕਰ ਚੁੱਕਿਆ ਹੈ ਅਤੇ ਹੁਣ ਪੰਜਾਬ ਦੇ ਹੱਕ ਖੋਹਣਾ ਚਾਹੁੰਦਾ ਹੈ।
ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਜੋ ਪਾਣੀਆਂ ਦੀ ਰਾਖੀ ਲਈ ਮਤਾ ਲਿਆਂਦਾ ਗਿਆ ਹੈ ਉਹ ਉਸਦੀ ਪੁਰਜੋਰ ਹਮਾਇਤ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਬੂਲ ਸ਼ਾਹ ਖੁਬਣ ਅਤੇ ਆਜਮ ਵਾਲਾ ਮਾਈਨਰ ਦੇ ਨਿਰਮਾਣ ਤੇ 42 ਕਰੋੜ ਰੁਪਏ ਖਰਚੇ ਕੀਤੇ ਗਏ ਹਨ ਅਤੇ 37 ਕਰੋੜ ਖਾਲਿਆਂ ਦੇ ਨਵੀਨੀਕਰਨ ਤੇ ਖਰਚਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉੱਦਮ ਸਦਕਾ ਅੱਜ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਹੈ ਅਤੇ ਸਾਡੇ ਪਾਣੀ ਦੀ ਲੁੱਟ ਹੋਣ ਤੋਂ ਬਚਾਈ ਜਾ ਰਹੀ ਹੈ।