ਫਾਜ਼ਿਲਕਾ ਦੇ ਵਿਧਾਇਕ ਦੀ ਵਾਰਡਾਂ ਵਿਚ ਜਨ ਸੁਣਵਾਈ ਜਾਰੀ, ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾ ਰਿਹੈ ਨਿਪਟਾਰਾ

– ਸਰਕਾਰ ਦੀਆਂ ਸਕੀਮਾਂ ਤੇ ਯੌਜਨਾਵਾਂ ਦਾ ਲਾਹਾ ਪੁੱਜਦਾ ਕਰਨ ਲਈ ਸਰਕਾਰ ਘਰਾਂ ਤੱਕ ਪਹੁੰਚ ਕੇ ਲੋਕਾਂ ਨੂੰ ਲਾਭ ਦੇ ਰਹੀ-ਨਰਿੰਦਰ ਪਾਲ ਸਿੰਘ ਸਵਨਾ
(Rajinder kumar) ਫਾਜ਼ਿਲਕਾ, 28 ਅਪ੍ਰੈਲ 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਕਾਰਜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਸਰਕਾਰ ਦੀਆਂ ਸਕੀਮਾਂ ਤੇ ਯੌਜਨਾਵਾਂ ਦਾ ਲਾਹਾ ਪੁੱਜਦਾ ਕਰਨ ਲਈ ਸਰਕਾਰ ਘਰਾਂ ਤੱਕ ਪਹੁੰਚ ਕੇ ਲੋਕਾਂ ਨੂੰ ਲਾਭ ਦੇ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਸ਼ਹਿਰ ਵਿੱਚ ਵਾਰਡ ਨੰ 1 ਦੇ ਟੀਚਰ ਕਾਲੋਨੀ ਇਲਾਕੇ ਵਿੱਚ ਪਹੁੰਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ।
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਸੱਤਾ ਵਿਚ ਆਉਣ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰਕੇ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਭਲਾਈ ਕਾਰਜ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੁੰ ਖਜਲ-ਖੁਆਰੀ ਰਹਿਤ ਸਰਕਾਰੀ ਯੋਜਨਾਵਾ ਦਾ ਲਾਭ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਜਾ ਕੇ ਲੋਕਾਂ ਨਾਲ ਜਨ ਸੁਣਵਾਈ ਕੀਤੀ, ਜਨ ਸੁਣਵਾਈ ਕਰਨ ਦਾ ਮਕਸਦ ਲੋਕਾਂ ਨਾਲ ਜਿਥੇ ਆਪਸੀ ਸਾਂਝ ਨੂੰ ਮਜਬੂਤ ਕਰਨਾ ਉਥੇ ਲੋਕਾਂ ਨਾਲ ਨੇੜਤਾ ਨੂੰ ਵਧਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ *ਤੇ ਹਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨੂੰ ਨਾਲ ਲੈ ਕੇ ਵਾਰਡਾਂ ਵਿਚ ਪਹੁੰਚ ਰਹੇ ਹਨ ਤਾਂ ਜੋ ਸਬੰਧਿਤ ਅਧਿਕਾਰੀਆਂ ਦੀ ਹਾਜਰੀ ਵਿਚ ਲੋਕਾਂ ਦੀਆਂ ਸਮੱਸਿਆਵਾਂ ਦਰਪੇਸ਼ ਹੋਣ। ਉਨ੍ਹਾਂ ਕਿਹਾ ਕਿ ਮੌਕੇ *ਤੇ ਹੀ ਅਧਿਕਾਰੀਆਂ ਨੂੰ ਸਮੱਸਿਆਵਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ।