ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਬਟਨ ਖੁੰਬ ਦੀ ਕਾਸ਼ਤ ਸਬੰਧੀ ਕਰਵਾਇਆ ਟ੍ਰੇਨਿੰਗ ਕੋਰਸ
ਫਤਹਿਗੜ੍ਹ ਸਾਹਿਬ, 28 ਅਗਸਤ 2021 : ਨੌਜਵਾਨਾਂ ਨੂੰ ਕਿਸਾਨੀ ਦੇ ਨਾਲ ਨਾਲ ਸਹਾਇਕ ਧੰਦਿਆ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ,ਫਤਿਹਗੜ੍ਹ ਸਾਹਿਬ ਵੱਲੋਂ ਜਿਲ੍ਹੇ ਦੇ ਨੋਜਵਾਨ ਕਿਸਾਨ ਭਰਾਵਾਂ ਲਈ ਬਟਨ ਖੁੰਬ ਦੀ ਕਾਸ਼ਤ ਸਬੰਧੀ 20 ਅਗਸਤ ਤੋਂ 28 ਅਗਸਤ ਤੱਕ 08 ਰੋਜ਼ਾ ਟ੍ਰੇਨਿੰਗ ਕੋਰਸ ਕਰਵਾਇਆ ਗਿਆ। ਇਸ ਸਬੰਧੀ ਤਕਨੀਕੀ ਕੋਆਰਡੀਨੇਟਰ ਡਾ. ਅਰਵਿੰਦ ਪ੍ਰੀਤ ਕੌਰ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੇਨਿੰਗ ਦਾ ਮੁੱਖ ਮੰਤਵ ਨਵੇਂ ਆਏ ਸਿਖਿਆਰਥੀਆਂ ਨੂੰ ਖੁੰਬਾਂ ਦੇ ਧੰਦੇ ਨੂੰ ਅਪਨਾਉਣ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਹੋ ਰਹੀ ਖੇਤੀ ਯੋਗ ਜਮੀਨ ਦੀ ਵੰਡ ਕਾਰਨ ਕਿਸਾਨ ਇਕੱਲੇ ਖੇਤੀ ਤੇ ਨਿਰਭਰ ਹੋ ਕੇ ਆਪਣਾ ਜੀਵਨ ਬਸਰ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਨੂੰ ਕੋਈ ਨਾ ਕੋਈ ਸਹਾਇਕ ਧੰਦਾ ਅਪਣਾਉਣਾ ਚਾਹੀਦਾ ਹੈ ਜੋ ਕਿ ਅਜੋਕੇ ਸਮੇਂ ਦੀ ਜਰੂਰਤ ਹੈ । ਇਸ ਸਿਖਲਾਈ ਕੋਰਸ ਦੌਰਾਨ ਨੌਜਵਾਨ ਕਿਸਾਨਾਂ ਨੂੰ ਖੁੰਬਾ ਦੀ ਰੋਜ਼ਾਨਾ ਜੀਵਨ ਅਤੇ ਸੰਪੂਰਨ ਖੁਰਾਕ ਵਿਚ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਖੁੰਬਾਂ ਦੀ ਕਾਸ਼ਤ ਬਾਰੇ ਵਿਸਥਾਰ ਵਿੱਚ ਤਕਨੀਕੀ ਜਾਣਕਾਰੀ ਦਿੱਤੀ ਗਈ।
ਉਨਾਂ ਦਸਿਆ ਕਿ ਇਸ ਸਮੇਂ ਪੂਰੇ ਭਾਰਤ ਵਿੱਚੋਂ 90% ਖੁੰਬਾਂ ਦਾ ਉਤਪਾਦਨ ੳੱਤਰੀ ਭਾਰਤ ਕਰ ਰਿਹਾ ਹੈ ਇਸ ਲਈ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਖੁੰਬਾਂ ਦੇ ਉਤਪਾਦਨ ਨੂੰ ਪਹਿਲ ਦੇਣ ਦੀ ਲੋੜ ਹੈ।ਇਸ ਮੌਕੇ ਉਚੇਚੇ ਤੋਰ ਤੇ ਸਹਿਯੋਗੀ ਡਾਇਰੈਕਟਰ ਡਾ: ਜਸਵਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਵਪਾਰਕ ਪੱਧਰ ਤੇ ਖੁੰਬਾਂ ਦੀ ਕਾਸ਼ਤ ਅਤੇ ਆਉਣ ਵਾਲੇ ਸਮੇਂ ਵਿੱਚ ਖੁੰਬਾਂ ਦੀ ਡੱਬਾਬੰਦੀ ਵੱਲ ਪ੍ਰੇਰਿਆ।ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਸਮੇਂ ਸਮੇਂ ਹਰ ਤਕਨੀਕੀ ਜਾਣਕਾਰੀ ਤੇ ਦੇਣਾ ਯਕੀਨੀ ਬਣਾਇਆ ਅਤੇ ਸਾਰੇ ਸਿਖਆਰਥੀਆਂ ਨੂੰ ਖੁੰਬ ਉਤਪਾਦਨ ਨੂੰ ਵਪਾਰਿਕ ਪੱਧਰ ਤੇ ਅਪਣਾਉਣ ਲਈ ੳਤਸ਼ਾਹਿਤ ਕੀਤਾ।