ਨੌਜਵਾਨ ਪੰਜਾਬ ਵਿੱਚ ਰਹਿ ਕੇ ਹੀ ਪੰਜਾਬ ਦੀ ਸੇਵਾ ਕਰਨ ਤੇ ਪੀ.ਸੀ.ਐਸ. ਦੀ ਭਰਤੀ ਦੇ ਮੌਕੇ ਦਾ ਲਾਭ ਉਠਾਉਣ-ਅਨੁਪ੍ਰਿਤਾ ਜੌਹਲ

– ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਨੇ ਪੀ.ਸੀ.ਐਸ. ਪ੍ਰੀਖਿਆ 2025 ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ
ਪਟਿਆਲਾ, 17 ਜਨਵਰੀ 2025: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਨੇ ਅੱਜ ਪੀ.ਸੀ.ਐਸ. ਪ੍ਰੀਖਿਆ 2025 ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਡਾ. ਪ੍ਰੀਤੀ ਯਾਦਵ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਸੈਮੀਨਾਰ ਮੌਕੇ ਜਿਲ੍ਹੇ ਦੇ ਨੌਜਵਾਨਾਂ ਨੂੰ ਪੰਜਾਬ ਸਿਵਲ ਸਰਵਿਸਿਸ ਪ੍ਰੀਖਿਆ ਦੀ ਤਿਆਰੀ ਲਈ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿੱਚ 60 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ।
ਇਸ ਦੌਰਾਨ ਜਿੱਥੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੇ ਸੀਈਓ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਨੌਜਵਾਨਾਂ ਨੂੰ ਪੀ.ਸੀ.ਐਸ. ਦੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਦੇ ਨੁਕਤੇ ਦੱਸੇ, ਉਥੇ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਡੀ.ਬੀ.ਈ.ਈ. ਦੀਆਂ ਸੇਵਾਵਾਂ ਦਾ ਲਾਭ ਲੈਣ ਦਾ ਵੀ ਸੱਦਾ ਦਿੱਤਾ।

ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਨੌਜਵਾਨਾਂ ਨੂੰ ਪੀ.ਸੀ.ਐਸ ਦੀ ਪ੍ਰੀਖਿਆ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀ.ਸੀ.ਐਸ. ਪ੍ਰੀਖਿਆ 2025 ਪ੍ਰਾਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ। ਉਨ੍ਹਾਂ ਨੇ ਇਸ ਮੌਕੇ ਦਾ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸਾਹਿਤ ਕੀਤਾ ਅਤੇ ਨੌਜਵਾਨਾਂ ਨੂੰ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਤੇ ਤਰਕੀ ਲਈ ਆਪਣਾ ਯੋਗਦਾਨ ਦੇਣ ਲਈ ਵੀ ਪ੍ਰੇਰਿਤ ਕੀਤਾ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਨਿਕ ਰਾਜ ਸਿੰਗਲਾ, ਜੋ ਕਿ ਕਰੀਅਰ ਮੈੱਟਰ ਅਤੇ ਕੰਸਲਟੈਂਟ ਮੋਟੀਵੇਸ਼ਨਲ ਸਪੀਕਰ ਵਜੋਂ ਪ੍ਰਸਿੱਧ ਹਨ, ਨੇ ਪ੍ਰਾਰਥੀਆਂ ਨੂੰ ਪੀ.ਸੀ.ਐਸ. ਦੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਵਿਧੀ, ਸਿਲੇਬਸ, ਅਸਾਮੀਆਂ, ਯੋਗਤਾ ਅਤੇ ਪ੍ਰੀਖਿਆ ਦੇ ਪੈਟਰਨ ਬਾਰੇ ਵਿਸਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਵਕਾਰੀ ਪ੍ਰੀਖਿਆ ਨੂੰ ਪਾਸ ਕਰਨ ਦੇ ਨੁਕਤਿਆਂ ਅਤੇ ਸਹੀ ਢੰਗ ਨਾਲ ਤਿਆਰੀ ਕਰਨ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਡਿਪਟੀ ਸੀ.ਈ.ਓ ਸਤਿੰਦਰ ਸਿੰਘ ਅਤੇ ਕਰੀਅਰ ਕਾਊਂਸਲਰ ਡਾ. ਰੂਪਸੀ ਪਹੂਜਾ ਵੀ ਮੌਜੂਦ ਸਨ।