ਵਿਨੀਤ ਧੀਰ ਬਹੁਮਤ ਨਾਲ ਜਲੰਧਰ ਦੇ ਮੇਅਰ ਚੁਣੇ ਗਏ

– ਬਲਬੀਰ ਸਿੰਘ ਢਿੱਲੋਂ ਬਣੇ ਸੀਨੀਅਰ ਡਿਪਟੀ ਮੇਅਰ ਤੇ ਮਲਕੀਤ ਸਿੰਘ ਡਿਪਟੀ ਮੇਅਰ
ਜਲੰਧਰ, 12 ਜਨਵਰੀ 2025: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਧੀਰ ਅੱਜ ਰੈੱਡ ਕਰਾਸ ਭਵਨ, ਜਲੰਧਰ ਵਿਖੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਹਾਜ਼ਰੀ ਵਿੱਚ ਬਹੁਮਤ ਨਾਲ ਨਗਰ ਨਿਗਮ, ਜਲੰਧਰ ਦਾ ਮੇਅਰ ਚੁਣੇ ਗਏ।
ਸ਼੍ਰੀ ਧੀਰ ਦਾ ਨਾਮ ਦੋ ਕੌਂਸਲਰਾਂ ਵੱਲੋਂ ਤਜਵੀਜ਼ ਕੀਤਾ ਗਿਆ, ਜਿਸ ਨੂੰ ਬਾਕੀ ਕੌਂਸਲਰਾਂ ਵੱਲੋਂ ਭਾਰੀ ਤਾੜੀਆਂ ਦੀ ਗੂੰਜ ਨਾਲ ਸਹਿਮਤੀ ਦਿੱਤੀ ਗਈ।
ਇਸੇ ਤਰ੍ਹਾਂ ਕੌਂਸਲਰਾਂ ਵੱਲੋਂ ਨਾਮ ਤਜਵੀਜ਼ ਕਰਨ ਅਤੇ ਬਹੁਮਤ ਨਾਲ ਸਹਿਮਤੀ ਤੋਂ ਬਾਅਦ ਬਲਬੀਰ ਸਿੰਘ ਢਿੱਲੋਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਮਲਕੀਤ ਸਿੰਘ ਨਗਰ ਨਿਗਮ ਦੇ ਡਿਪਟੀ ਮੇਅਰ ਚੁਣੇ ਗਏ। ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਮਿੰਦਰ ਸਿੰਘ ਵੱਲੋਂ ਪ੍ਰੀਜ਼ਾਈਡਿੰਗ ਅਫ਼ਸਰ ਦੀ ਭੂਮਿਕਾ ਨਿਭਾਈ ਗਈ।
ਇਸ ਤੋਂ ਪਹਿਲਾਂ ਕਮਿਸ਼ਨਰ ਜਲੰਧਰ ਮੰਡਲ ਅਰੁਣ ਸੇਖੜੀ ਵੱਲੋਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਗੌਤਮ ਜੈਨ ਵੱਲੋਂ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ, ਰਮਨ ਅਰੋੜਾ, ਪਰਗਟ ਸਿੰਘ, ਬਾਵਾ ਹੈਨਰੀ ਅਤੇ ਸੁਖਵਿੰਦਰ ਕੋਟਲੀ ਵੀ ਮੌਜੂਦ ਸਨ।