ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਨਗਰ ਪੰਚਾਇਤ ਦਿੜ੍ਹਬਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਇਮਾਨਦਾਰੀ ਨਾਲ ਵਿਕਾਸ ਕਾਰਜ ਕਰਨ ਦਾ ਸੱਦਾ
– ਰਿਟਰਨਿੰਗ ਅਫਸਰ ਰਾਜੇਸ਼ ਸ਼ਰਮਾ ਵੱਲੋਂ ਨਗਰ ਪੰਚਾਇਤ ਦਿੜ੍ਹਬਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਪ੍ਰਮਾਣ ਪੱਤਰਾਂ ਦੀ ਵੰਡ
– ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਵੰਡੇ ਪ੍ਰਮਾਣ ਪੱਤਰ
ਦਿੜ੍ਹਬਾ /ਸੰਗਰੂਰ, 23 ਦਸੰਬਰ 2024: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਗਰ ਪੰਚਾਇਤ ਦਿੜ੍ਹਬਾ ਦੇ ਸਾਰੇ 13 ਵਾਰਡਾਂ ਵਿੱਚ ਜਿੱਤ ਹਾਸਿਲ ਕਰਨ ਵਾਲੇ ਮੈਂਬਰਾਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਬਹੁ ਪੱਖੀ ਵਿਕਾਸ ਨੂੰ ਪੂਰੀ ਇਮਾਨਦਾਰੀ, ਦ੍ਰਿੜਤਾ ਤੇ ਲਗਨ ਨਾਲ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਸ. ਚੀਮਾ ਅੱਜ ਸਬ ਡਵੀਜ਼ਨਲ ਕੰਪਲੈਕਸ ਦਿੜ੍ਹਬਾ ਵਿਖੇ ਇਹਨਾਂ ਨਵੇਂ ਚੁਣੇ ਮੈਂਬਰਾਂ ਨੂੰ ਰਿਟਰਨਿੰਗ ਅਫਸਰ ਸ੍ਰੀ ਰਾਜੇਸ਼ ਸ਼ਰਮਾ ਦੁਆਰਾ ਜੇਤੂ ਸਰਟੀਫਿਕੇਟ ਵੰਡਣ ਦੀ ਰਸਮ ਅਦਾ ਕਰਨ ਮੌਕੇ ਵਿਸ਼ੇਸ਼ ਤੌਰ ਤੇ ਨਵੇਂ ਮੈਂਬਰਾਂ ਨੂੰ ਵਧਾਈ ਦੇਣ ਲਈ ਪਹੁੰਚੇ ਸਨ।
ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਨਗਰ ਪੰਚਾਇਤ ਦਿੜ੍ਹਬਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਾਰੀਆਂ ਹੀ ਪਾਰਟੀਆਂ ਦੇ ਜੇਤੂ ਰਹੇ ਮੈਂਬਰ ਇਕ ਮੰਚ ਉੱਤੇ ਇਕੱਠੇ ਹੋਏ ਹਨ ਅਤੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ। ਉਹਨਾਂ ਦੱਸਿਆ ਕਿ 13 ਵਾਰਡਾਂ ਵਿੱਚੋਂ 11 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ ਅਤੇ ਬਾਕੀ 2 ਵਾਰਡਾਂ ਵਿੱਚ ਭਾਵੇਂ ਆਜ਼ਾਦ ਤੇ ਇਕ ਹੋਰ ਪਾਰਟੀ ਦੇ ਮੈਂਬਰ ਜੇਤੂ ਰਹੇ ਹਨ ਪਰ ਸਾਰਿਆਂ ਨੂੰ ਹੀ ਅੱਜ ਪਾਰਦਰਸ਼ਤਾ ਅਤੇ ਨਿਰਪੱਖਤਾ ਦੇ ਨਾਲ ਨਗਰ ਪੰਚਾਇਤ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਹੱਲਾਸ਼ੇਰੀ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਪਿਛਲੇ ਪੌਣੇ ਤਿੰਨ ਸਾਲਾਂ ਦੇ ਸਮੇਂ ਅੰਦਰ ਵਿਧਾਨ ਸਭਾ ਹਲਕਾ ਦਿੜਬਾ ਦੀ ਨੁਹਾਰ ਨੂੰ ਸੰਵਾਰਨ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਪੜਾਅਵਾਰ ਢੰਗ ਨਾਲ ਨੇਪਰੇ ਚੜਾਏ ਗਏ ਹਨ ਜਿਨਾਂ ਵਿੱਚ ਇਹ ਲਗਭਗ 9 ਏਕੜ ਵਿੱਚ ਬਣਾਇਆ ਗਿਆ ਸਬ ਡਵੀਜ਼ਨਲ ਕੰਪਲੈਕਸ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ 11 ਖੇਡਾਂ ਲਈ 7 ਕਰੋੜ ਦੀ ਲਾਗਤ ਨਾਲ ਦਿੜ੍ਹਬਾ ਵਿਖੇ ਬਣਾਏ ਜਾਣ ਵਾਲੇ ਇਨਡੋਰ ਸਟੇਡੀਅਮ ਦੇ ਨਿਰਮਾਣ ਦੀ ਸ਼ੁਰੁਆਤ ਵੀ ਜਲਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਕੋਲ ਫੰਡਾਂ ਦੀ ਕਿਸੇ ਕਿਸਮ ਦੀ ਕਮੀ ਨਹੀਂ ਹੈ ਅਤੇ ਲੋਕਾਂ ਨੂੰ ਸਰਵੋਤਮ ਸੇਵਾਵਾਂ ਤੇ ਬੁਨਿਆਦੀ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਡੀਐਸਪੀ ਪ੍ਰਿਥਵੀ ਸਿੰਘ ਚਾਹਲ, ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਈਓ ਚੰਦਰ ਪ੍ਰਕਾਸ਼ ਵਧਵਾ ਸਮੇਤ ਵੱਖ-ਵੱਖ ਵਾਰਡਾਂ ਦੇ ਨਵੇਂ ਚੁਣੇ ਗਏ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।