ਨਗਰ ਨਿਗਮ ਪਟਿਆਲਾ, ਘੱਗਾ ਤੇ ਭਾਦਸੋਂ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਸਮੇਤ ਰਾਜਪੁਰਾ, ਨਾਭਾ ਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਉਪ ਚੋਣਾਂ ਲਈ ਅਮਨ-ਅਮਾਨ ਨਾਲ ਪਈਆਂ ਵੋਟਾਂ

0
– ਦੋਵੇਂ ਆਬਜ਼ਰਵਰਾਂ ਸਮੇਤ ਡੀ.ਸੀ. ਤੇ ਐਸ.ਐਸ.ਪੀ. ਨੇ ਚੋਣ ਅਮਲ ਦਾ ਲਿਆ ਜਾਇਜ਼ਾ
– ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਨ ਲਈ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ-ਡਾ. ਪ੍ਰੀਤੀ ਯਾਦਵ
– ਪਟਿਆਲਾ ਜ਼ਿਲ੍ਹੇ ‘ਚ ਵੋਟਾਂ ਸੁਤੰਤਰ ਤੇ ਨਿਰਵਿਘਨ ਢੰਗ ਨਾਲ ਸੰਪੰਨ ਹੋਈਆਂ-ਡਾ. ਨਾਨਕ ਸਿੰਘ
ਪਟਿਆਲਾ, 21 ਦਸੰਬਰ 2024: ਪਟਿਆਲਾ ਨਗਰ ਨਿਗਮ ਦੀਆਂ 45 ਵਾਰਡਾਂ ਸਮੇਤ ਨਗਰ ਪੰਚਾਇਤ ਘੱਗਾ ਦੀਆਂ 12 ਅਤੇ ਭਾਦਸੋਂ ਨਗਰ ਪੰਚਾਇਤ ਦੀਆਂ 11 ਵਾਰਡਾਂ ਲਈ ਆਮ ਚੋਣਾਂ ਅਤੇ ਰਾਜਪੁਰਾ, ਨਾਭਾ ਅਤੇ ਪਾਤੜਾਂ ਦੀ ਇੱਕ-ਇੱਕ ਵਾਰਡ ਦੀ ਉਪ ਚੋਣ ਲਈ ਅੱਜ ਵੋਟਾਂ ਪੈਣ ਦਾ ਪੂਰਾ ਅਮਲ ਨਿਰਵਿਘਨ, ਸਫ਼ਲਤਾ ਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹ ਗਿਆ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਪੁਆਈਆਂ ਗਈਆਂ ਵੋਟਾਂ ਦੀ ਗਿਣਤੀ ਸ਼ਾਮ ਸਮੇਂ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਬਾਅਦ ਸਬੰਧਤ ਪੋਲਿੰਗ ਸਟੇਸ਼ਨਾਂ ਵਿਖੇ ਹੀ ਕਰਵਾਈ ਗਈ ਅਤੇ ਨਤੀਜੇ ਮੌਕੇ ‘ਤੇ ਹੀ ਐਲਾਨ ਦਿੱਤੇ ਗਏ।
ਸਮੁੱਚੇ ਚੋਣ ਅਮਲ ਦਾ ਜਾਇਜ਼ਾ ਲੈਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਨਗਰ ਨਿਗਮ ਚੋਣਾਂ ਦੇ ਆਬਜ਼ਰਵਰ ਤੇ ਸਹਿਕਾਰਤਾ ਵਿਭਾਗ ਦੇ ਸਕੱਤਰ ਅਨਿੰਦਿਤਾ ਮਿੱਤਰਾ ਅਤੇ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਲਈ ਚੋਣ ਆਬਜ਼ਰਵਰ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗਾਂ ਦੇ ਵਿਸ਼ੇਸ਼ ਸਕੱਤਰ ਹਰਬੀਰ ਸਿੰਘ ਨੇ ਕਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ।
ਇਸੇ ਦੌਰਾਨ ਪਟਿਆਲਾ ਦੇ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਵੀ ਕਈ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਅਮਲੇ ਤੇ ਪੋਲਿੰਗ ਏਜੰਟਾਂ ਨਾਲ ਗੱਲਬਾਤ ਕਰਕੇ ਚੋਣ ਅਮਲ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੋਣ ਅਮਲ ਨੂੰ ਨਿਰਵਿਘਨ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੂਹ ਵੋਟਰਾਂ ਸਮੇਤ ਚੋਣ ਅਮਲੇ ਤੇ ਪੁਲਿਸ ਫੋਰਸ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਨੇ ਇਹ ਚੋਣਾਂ ਪੂਰੀ ਤਰ੍ਹਾਂ ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਹਨ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਇਹ ਵੋਟਾਂ ਸੁਤੰਤਰ ਤੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈਆਂ ਹਨ, ਜਿਸ ਲਈ ਉਹ ਸਮੂਹ ਵੋਟਰਾਂ ਤੇ ਉਮੀਦਵਾਰਾਂ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹਨ।
ਚੋਣਾਂ ਦੌਰਾਨ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਨਗਰ ਨਿਗਮ ਵਾਰਡਾਂ ਦੇ ਰਿਟਰਨਿੰਗ ਅਧਿਕਾਰੀਆਂ ਨਮਨ ਮਾਰਕੰਨ, ਮਨਜੀਤ ਕੌਰ, ਰਿਚਾ ਗੋਇਲ ਅਤੇ ਡਾ. ਇਸਮਤ ਵਿਜੇ ਸਿੰਘ ਸਮੇਤ ਨਗਰ ਪੰਚਾਇਤ ਭਾਦਸੋਂ ਦੇ ਆਰ.ਓ. ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਨਗਰ ਪੰਚਾਇਤ ਘੱਗਾ ਦੇ ਆਰ.ਓ. ਐਸ.ਡੀ.ਐਮ ਸਮਾਣਾ ਤਰਸੇਮ ਚੰਦ ਤੇ ਪਾਤੜਾਂ ਦੀ ਇੱਕ ਵਾਰਡ ਦੇ ਆਰ.ਓ. ਐਸ.ਡੀ.ਐਮ. ਅਸ਼ੋਕ ਕੁਮਾਰ ਸਮੇਤ ਨਾਭਾ ਤੇ ਰਾਜਪੁਰਾ ਦੀਆਂ ਇੱਕ-ਇੱਕ ਵਾਰਡਾਂ ਦੇ ਆਰ.ਓਜ ਨਾਲ ਵੀ ਤਾਲਮੇਲ ਕੀਤਾ।

About The Author

Leave a Reply

Your email address will not be published. Required fields are marked *

You may have missed