ਹਲਵਾਰਾ ਏਅਰਪੋਰਟ ਨੂੰ ਜਲਦੀ ਹੀ ਮਿਲ ਜਾਵੇਗਾ ਏਅਰਪੋਰਟ ਕੋਡ: ਐਮਪੀ ਸੰਜੀਵ ਅਰੋੜਾ

0

ਲੁਧਿਆਣਾ, 21 ਦਸੰਬਰ 2024: ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਰਾਜੀਵ ਗਾਂਧੀ ਭਵਨ, ਨਵੀਂ ਦਿੱਲੀ ਵਿਖੇ ਏਏਆਈ (ਏਅਰਪੋਰਟਸ ਅਥਾਰਟੀ ਆਫ ਇੰਡੀਆ) ਦੇ ਚੇਅਰਮੈਨ ਵਿਪਿਨ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਹਲਵਾਰਾ ਹਵਾਈ ਅੱਡੇ ਲਈ ਸੰਭਾਵਿਤ ਸੰਚਾਲਨ ਮਿਤੀ ਬਾਰੇ ਚਰਚਾ ਕੀਤੀ।

ਐਮਪੀ ਅਰੋੜਾ ਨੇ ਏਅਰਪੋਰਟ ਕੋਡ ਜਾਰੀ ਕਰਨ ਅਤੇ ਸੰਚਾਲਨ ਦੀ ਮਿਤੀ ਦੀ ਪੁਸ਼ਟੀ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਕਿਉਂਕਿ ਇਹ ਕਦਮ ਏਅਰਲਾਈਨਾਂ ਲਈ ਐਮਓਸੀਏ (ਮਿਨਿਸਟ੍ਰੀ ਆਫ ਸਿਵਲ ਏਵੀਏਸ਼ਨ) ਕੋਲ ਲੋੜੀਂਦਾ ਨੋ ਅਬਜੈਕਸ਼ਨ ਸਰਟੀਫਿਕੇਟ (ਐਨਓਸੀ) ਦਾਇਰ ਕਰਨ ਅਤੇ ਐਮਓਡੀ (ਮਿਨਿਸਟ੍ਰੀ ਆਫ ਡਿਫੈਂਸ) ਤੋਂ ਲੋੜੀਂਦੀ ਇਜਾਜ਼ਤ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਹੈ।

ਇਸ ਦੇ ਜਵਾਬ ਵਿੱਚ ਚੇਅਰਮੈਨ ਵਿਪਨ ਕੁਮਾਰ ਨੇ ਤੁਰੰਤ ਏ.ਏ.ਆਈ. ਦੀ ਸੰਚਾਲਨ ਟੀਮ ਦੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਅਰੋੜਾ ਨੇ ਆਈਏਟੀਏ (ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ) ਨਾਲ ਗੱਲਬਾਤ ਕਰਨ ਲਈ ਏਅਰ ਇੰਡੀਆ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ।

ਚੇਅਰਮੈਨ ਵਿਪਨ ਕੁਮਾਰ ਨੇ ਸੰਸਦ ਮੈਂਬਰ ਅਰੋੜਾ ਨੂੰ ਭਰੋਸਾ ਦਿੱਤਾ ਕਿ ਲੁਧਿਆਣਾ ਤੋਂ ਕਮਰਸ਼ੀਅਲ ਫਲਾਈਟ ਸੰਚਾਲਨ ਜਲਦੀ ਸ਼ੁਰੂ ਹੋ ਜਾਵੇਗਾ। ਐਮਪੀ ਅਰੋੜਾ ਨੇ ਚੇਅਰਮੈਨ ਨੂੰ ਸੂਬਾ ਸਰਕਾਰ ਵੱਲੋਂ ਹਰ ਪੱਧਰ ’ਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਇਸ ਦੌਰਾਨ, ਅਰੋੜਾ ਨੇ ਦੁਹਰਾਇਆ ਕਿ ਏਅਰਪੋਰਟ ਪ੍ਰੋਜੈਕਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ “ਡ੍ਰੀਮ  ਪ੍ਰੋਜੈਕਟ” ਹੈ, ਜਿਨ੍ਹਾਂ ਨੇ ਇਸ ਵਾਸਤੇ ਫੰਡ ਮਨਜ਼ੂਰ ਕੀਤੇ ਗਏ ਹਨ। ਹਵਾਈ ਅੱਡਾ 161.28 ਏਕੜ ਦੇ ਖੇਤਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਖੇਤਰ ਵਿੱਚ ਬਿਲਟ ਅੱਪ ਟਰਮੀਨਲ ਖੇਤਰ 2,000 ਵਰਗ ਮੀਟਰ ਹੈ। ਜ਼ਮੀਨ ਨੂੰ ਛੱਡ ਕੇ ਕੁੱਲ ਸਿਵਲ ਟਰਮੀਨਲ ਦੀ ਲਾਗਤ ਲਗਭਗ 70 ਕਰੋੜ ਰੁਪਏ ਹੈ।

ਇਸ ਸਾਲ ਨਵੰਬਰ ਵਿੱਚ ਅਰੋੜਾ ਨੇ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ ਅਤੇ ਆਈਏਐਫ (ਇੰਡੀਅਨ ਏਅਰ ਫੋਰਸ) ਵੱਲੋਂ ਹਲਵਾਰਾ ਏਅਰਪੋਰਟ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ ਸੀ। ਅਰੋੜਾ ਨੇ ਦੱਸਿਆ ਕਿ ਹਵਾਈ ਅੱਡੇ ਦੇ ਸਿਵਲ ਹਿੱਸੇ ਦਾ 100 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਆਈਏਐਫ ਵੱਲੋਂ ਲੰਬਿਤ ਕੰਮ ਪੂਰਾ ਹੋਣ ਤੋਂ ਬਾਅਦ ਹਲਵਾਰਾ ਹਵਾਈ ਅੱਡਾ ਚਾਲੂ ਹੋ ਜਾਵੇਗਾ।

About The Author

Leave a Reply

Your email address will not be published. Required fields are marked *

You may have missed