ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਦਾ ਜਾਇਜ਼ਾ

0
– ਜ਼ਿਲ੍ਹੇ ‘ਚ ਅਮਨ ਕਾਨੂੰਨ, ਈ.ਵੀ.ਐਮਜ, ਵੀਡੀਓਗ੍ਰਾਫ਼ੀ, ਵੋਟਰ ਸੂਚੀਆਂ ਤੇ ਚੋਣ ਅਮਲੇ ਦੀ ਟ੍ਰੇਨਿੰਗ ਬਾਰੇ ਜਾਇਜ਼ਾ
ਪਟਿਆਲਾ, 4 ਦਸੰਬਰ 2024: ਪਟਿਆਲਾ ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਚੋਣਾਂ ਲਈ ਨੋਡਲ ਅਫ਼ਸਰ ਕਮ-ਏ.ਡੀ.ਸੀ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਤੇ ਏ.ਡੀ.ਸੀ. (ਦਿਹਾਤੀ ਵਿਕਾਸ) ਨਵਰੀਤ ਕੌਰ ਸੇਖੋਂ ਅਤੇ ਐਸ.ਪੀ. ਸਿਟੀ ਸਰਫ਼ਰਾਜ ਆਲਮ ਸਮੇਤ ਸਮੂਹ ਐਸ.ਡੀ.ਐਮਜ਼ ਨਾਲ ਇੱਕ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹੇ ਅੰਦਰ ਅਮਨ ਕਾਨੂੰਨ, ਈ.ਵੀ.ਐਮਜ, ਵੀਡੀਓਗ੍ਰਾਫ਼ੀ, ਵੋਟਰ ਸੂਚੀਆਂ ਤੇ ਚੋਣ ਅਮਲੇ ਦੀ ਟ੍ਰੇਨਿੰਗ ਬਾਰੇ ਜਾਇਜ਼ਾ ਲਿਆ।
ਸਮੂਹ ਅਧਿਕਾਰੀਆਂ ਨੂੰ ਰਾਜ ਚੋਣ ਕਮਿਸ਼ਨ ਦੇ ਆਦੇਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੇ ਆਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਤੇ ਪੁਲਿਸ ਅਧਿਕਾਰੀ ਤਿਆਰ ਰਹਿਣ ਅਤੇ ਜਦੋਂ ਵੀ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਦੀ ਸਮਾਂ ਸਾਰਣੀ ਦੇ ਐਲਾਨ ਹੋ ਜਾਵੇਗਾ, ਉਸਦੇ ਤੁਰੰਤ ਬਾਅਦ ਪਟਿਆਲਾ ਜ਼ਿਲ੍ਹੇ ਦੀਆਂ ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲਾਂ ਦੀ ਹਦੂਦ ਅੰਦਰ ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਮੂਹ ਅਧਿਕਾਰੀ ਆਪਣੀ ਪੂਰੀ ਤਿਆਰੀ ਕਰਕੇ ਰੱਖਣ ਤਾਂ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਦਾ ਕਾਰਜ ਮੁਕੰਮਲ ਕਰਵਾਇਆ ਜਾ ਸਕੇ। ਮੀਟਿੰਗ ‘ਚ ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਮਨਜੀਤ ਕੌਰ, ਕਿਰਪਾਲਵੀਰ ਸਿੰਘ, ਤਰਸੇਮ ਚੰਦ, ਅਵਿਕੇਸ਼ ਗੁਪਤਾ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *