ਫਾਜ਼ਿਲਕਾ ਪੁਲਿਸ ਵੱਲੋਂ “ਪ੍ਰੋਜੈਕਟ ਸੰਪਰਕ” ਤਹਿਤ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

0

– ਨਸ਼ਿਆਂ ਅਤੇ ਅਪਰਾਧ ਦੇ ਖ਼ਿਲਾਫ਼ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ – ਐਸ.ਐਸ.ਪੀ ਵਰਿੰਦਰ ਸਿੰਘ ਬਰਾੜ

ਫਾਜ਼ਿਲਕਾ, 23 ਨਵੰਬਰ 2024 : ਮਾਨਯੋਗ ਡੀ.ਜੀ.ਪੀ ਪੰਜਾਬ, ਸ੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਮੁਤਾਬਿਕ, ਫਾਜ਼ਿਲਕਾ ਪੁਲਿਸ ਵੱਲੋਂ ਜਿਲ੍ਹਾ ਫਾਜ਼ਿਲਕਾ ਵਿੱਚ “ਪ੍ਰੋਜੈਕਟ ਸੰਪਰਕ” ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਮੁੱਖ ਉਦੇਸ਼ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਹਿਯੋਗ ਅਤੇ ਭਰੋਸੇ ਨੂੰ ਵਧਾਉਣਾ ਹੈ।ਇਸੇ ਪ੍ਰੋਜੈਕਟ ਦੇ ਤਹਿਤ ਅੱਜ ਐਸ.ਐਸ.ਪੀ ਸ੍ਰੀ ਵਰਿੰਦਰ ਸਿੰਘ ਬਰਾੜ ਜੀ ਦੀ ਅਗਵਾਈ ਹੇਠ ਫਾਜ਼ਿਲਕਾ ਦੇ ਪੈਰਾਡਾਈਜ਼ ਹੋਟਲ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।

ਇਸ ਸੈਮੀਨਾਰ ਵਿੱਚ ਗ੍ਰਾਮ ਰੱਖਿਆ ਕਮੇਟੀਆਂ (VDCs) ਦੇ ਮੈਂਬਰਾਂ, ਸਮਾਜਿਕ ਆਗੂਆਂ, ਅਤੇ ਆਮ ਲੋਕਾਂ ਦੀ ਵੱਡੀ ਹਾਜ਼ਰੀ ਦਰਜ ਕੀਤੀ ਗਈ। ਐਸ.ਐਸ.ਪੀ ਸ੍ਰੀ ਬਰਾੜ ਜੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ “ਪ੍ਰੋਜੈਕਟ ਸੰਪਰਕ” ਸਿਰਫ਼ ਨਸ਼ਿਆਂ  ਦੇ ਖਾਤਮੇ ਲਈ ਹੀ ਨਹੀਂ ਸਗੋਂ ਸੰਗਠਿਤ ਅਪਰਾਧ, ਸਟਰੀਟ ਕ੍ਰਾਈਮ ਅਤੇ ਸਮਾਜ ਵਿਰੋਧੀ ਤੱਤਾਂ ਦੇ ਖ਼ਿਲਾਫ਼ ਇੱਕ ਸਥਾਈ ਯੁੱਧ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਲੋਕ ਪੁਲਿਸ ਦੇ ਨਾਲ ਮਿਲ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ।

ਐਸ.ਐਸ.ਪੀ ਸ੍ਰੀ ਬਰਾੜ ਜੀ ਨੇ ਸਪਸ਼ਟ ਕੀਤਾ ਕਿ ਨਸ਼ਾ ਅਕਸਰ ਬਾਰਡਰ ਪਾਰ ਤੋਂ ਆਉਂਦਾ ਹੈ, ਜਿਸਨੂੰ ਰੋਕਣ ਲਈ ਬੀ.ਐਸ.ਐਫ., ਆਰਮੀ, ਅਤੇ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਿਰਫ ਬੀ.ਐਸ.ਐਫ., ਆਰਮੀ, ਅਤੇ ਪੁਲਿਸ ਵੱਲੋਂ ਹੀ ਕੋਸ਼ਿਸ਼ ਕਰਨਾ ਕਾਫ਼ੀ ਨਹੀਂ ਹੈ; ਲੋਕਾਂ ਦੇ ਸਹਿਯੋਗ ਨਾਲ ਹੀ ਇਸ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, “ਜਿਵੇਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਅੱਤਵਾਦ ਨੂੰ ਹਰਾ ਦਿੱਤਾ, ਉਹੀ ਜ਼ਜਬਾ ਨਸ਼ਿਆਂ ਅਤੇ ਅਪਰਾਧ ਦੇ ਖ਼ਿਲਾਫ਼ ਵੀ ਜਰੂਰੀ ਹੈ।”

ਉਨ੍ਹਾਂ ਨੇ ਸਮਾਜਿਕ ਆਗੂਆਂ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਅਜਿਹੇ ਤੱਤਾਂ ਨੂੰ ਰੋਕਿਆ ਜਾ ਸਕੇ। ਇਹ ਮੁਹਿੰਮ ਸਿਰਫ ਅਪਰਾਧਕ ਤੱਤਾਂ ਦੀ ਪਛਾਣ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਇੱਕ ਸੁਰੱਖਿਅਤ, ਸ਼ਾਂਤਮਈ ਅਤੇ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਵੱਲ ਪ੍ਰੇਰਿਤ ਹੈ।

ਪ੍ਰੋਜੈਕਟ ਸੰਪਰਕ ਤਹਿਤ ਹੁਣ ਤੱਕ ਫਾਜ਼ਿਲਕਾ ਪੁਲਿਸ ਵੱਲੋਂ 60 ਤੋਂ ਵੱਧ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੇ ਲੋਕਾਂ ਨੂੰ ਨਵੀਂ ਉਮੀਦ ਅਤੇ ਪ੍ਰੇਰਣਾ ਦਿੱਤੀ ਹੈ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ, ਅਤੇ ਨਸ਼ਿਆਂ ਦੇ ਖ਼ਾਤਮੇ ਲਈ ਫਾਜ਼ਿਲਕਾ ਪੁਲਿਸ ਹਰ ਸੰਭਵ ਯਤਨ ਜਾਰੀ ਰੱਖੇਗੀ।”ਪ੍ਰੋਜੈਕਟ ਸੰਪਰਕ” ਇੱਕ ਜਾਗਰੂਕਤਾ ਮੁਹਿੰਮ ਹੈ, ਜੋ ਨਸ਼ਿਆਂ ਅਤੇ ਅਪਰਾਧਾਂ ਖ਼ਿਲਾਫ਼ ਇੱਕ ਢਾਲ ਦਾ ਕੰਮ ਕਰੇਗੀ। ਆਪ ਸਭ ਨੂੰ ਅਪੀਲ ਹੈ ਕਿ ਆਓ ਸਾਰੇ ਇਕਜੁੱਟ ਹੋਈਏ ਅਤੇ ਨਸ਼ਿਆਂ ਤੇ ਕ੍ਰਾਈਮ ਦੇ ਖ਼ਿਲਾਫ਼ ਜੰਗ ਨੂੰ ਜਿੱਤ ਕੇ ਦਿਖਾਈਏ।

About The Author

Leave a Reply

Your email address will not be published. Required fields are marked *