ਕਰ ਵਿਭਾਗ ਵੱਲੋਂ ਟੈਕਸ ਚੋਰੀ ਰੋਕਣ ਲਈ ਪਟਿਆਲਾ ਸ਼ਹਿਰ, ਸਮਾਣਾ, ਪਾਤੜਾਂ, ਰਾਜਪੁਰਾ ਤੇ ਨਾਭਾ ਵਿਖੇ ਅਚਨਚੇਤ ਚੈਕਿੰਗ ਕਰਕੇ ਦੋ ਦਰਜਨ ਨੋਟਿਸ ਕੱਢੇ

0
– ਵਪਾਰੀ ਹਰ ਤਰ੍ਹਾਂ ਦੇ ਵੇਚੇ ਸਮਾਨ ਦਾ ਪੂਰਾ ਬਿੱਲ ਕੱਟਣਾ ਯਕੀਨੀ ਬਣਾਉਣ, ਗਾਹਕ ਬਿਲ ਲੈਕੇ ਮੇਰਾ ਬਿਲ ਐਪ ‘ਤੇ ਅਪਲੋਡ ਕਰਕੇ ਇਨਾਮ ਜਿੱਤਣ
– ਸਹਾਇਕ ਕਮਿਸ਼ਨਰ ਰਾਜ ਕਰ ਕੰਨੂ ਗਰਗ ਵੱਲੋਂ ਵਪਾਰੀਆਂ ਨਾਲ ਵੀ ਬੈਠਕ
ਪਟਿਆਲਾ, 3 ਅਕਤੂਬਰ 2024 : ਟੈਕਸ ਚੋਰੀ ਰੋਕਣ ਲਈ ਕਰ ਵਿਭਾਗ ਦੇ ਸਹਾਇਕ ਕਮਿਸ਼ਨਰ, ਪਟਿਆਲਾ ਕੰਨੂ ਗਰਗ ਦੀ ਅਗਵਾਈ ਹੇਠ ਕਰ ਵਿਭਾਗ ਦੀਆਂ ਟੀਮਾਂ ਨੇ ਪਟਿਆਲਾ ਸ਼ਹਿਰ ਸਮੇਤ ਸਮਾਣਾ, ਪਾਤੜਾਂ, ਰਾਜਪੁਰਾ ਤੇ ਨਾਭਾ ਦੇ ਬਾਜ਼ਾਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਅਤੇ ਟੈਕਸ ਚੋਰੀ ਦੇ ਮਾਮਲੇ ਸਾਹਮਣੇ ਆਉਣ ‘ਤੇ ਦੋ ਦਰਜਨ ਨੋਟਿਸ ਵੀ ਕੱਢੇ। ਇਸੇ ਦੌਰਾਨ ਸਹਾਇਕ ਕਮਿਸ਼ਨਰ ਕੰਨੂ ਗਰਗ ਨੇ ਵਪਾਰ ਮੰਡਲ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਪੂਰਾ ਬਣਦਾ ਜੀ.ਐੱਸ.ਟੀ. ਅਤੇ ਸਾਰੇ ਬਿੱਲ ਕੱਟਣ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਹਰ ਤਰ੍ਹਾਂ ਦੇ ਵੇਚੇ ਗਏ ਸਮਾਨ ਦਾ ਪੂਰਾ ਬਿੱਲ ਕੱਟਣਾ ਯਕੀਨੀ ਬਣਾਇਆ ਜਾਵੇ।
ਕੰਨੂ ਗਰਗ ਨੇ ਕਿਹਾ ਕਿ ਸਮੂਹ ਵਪਾਰੀ ਤੇ ਦੁਕਾਨਦਾਰ ਇਹ ਯਕੀਨੀ ਬਣਾਉਣ ਕਿ ਉਹ ਗਾਹਕਾਂ ਨੂੰ ਸਮਾਨ ਵੇਚਣ ਸਮੇਂ ਬਿਲ ਜਰੂਰ ਦੇਣ, ਜਿਸ ਨੂੰ ਕਿ ਕਰ ਵਿਭਾਗ ਵੱਲੋਂ ਕਿਸੇ ਵੀ ਸਮੇਂ ਚੈਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਗਾਹਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕੋਈ ਸਮਾਨ ਲੈਣ ਸਮੇਂ ਦੁਕਾਨਦਾਰ ਜਾਂ ਵਪਾਰੀ ਤੋਂ ਪੂਰਾ ਬਿਲ ਜਰੂਰ ਲੈਣ। ਉਨ੍ਹਾਂ ਕਿਹਾ ਕਿ ਗਾਹਕ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ ਮੇਰਾ ਬਿਲ ਐਪ ‘ਤੇ ਅਪਲੋਡ ਕਰਕੇ ਇਨਾਮ ਹਾਸਲ ਕਰ ਸਕਦੇ ਹਨ।
ਸਹਾਇਕ ਕਮਿਸ਼ਨਰ ਕੰਨੂ ਗਰਗ ਨੇ ਕਿਹਾ ਕਿ ਕਰ ਵਿਭਾਗ ਵੱਲੋਂ ਬਿਨ੍ਹਾਂ ਜੀ.ਐਸ.ਟੀ. ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੇ ਅਤੇ ਜੀ.ਐਸ.ਟੀ. ਚੋਰੀ ਕਰ ਰਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰ ਵਿਭਾਗ ਵੱਲੋਂ ਟੈਕਸ ਚੋਰੀ ਰੋਕਣ ਲਈ ਬਾਜ਼ਾਰਾਂ ਵਿੱਚ ਅਚਨਚੇਤ ਚੈਕਿੰਗ ਲਗਾਤਾਰ ਜਾਰੀ ਰਹੇਗੀ। ਕੰਨੂ ਗਰਗ ਨੇ ਕਿਹਾ ਕਿ ਜੇਕਰ ਕੋਈ ਮਾਲ ਬਿਨ੍ਹਾਂ ਬਿਲ ਤੋਂ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਹਾਇਕ ਕਮਿਸ਼ਨਰ ਕੰਨੂ ਗਰਗ ਵੱਲੋਂ ਵਪਾਰੀਆਂ ਨਾਲ ਕੀਤੀ ਬੈਠਕ ਦੌਰਾਨ ਵਪਾਰੀਆਂ ਨੇ ਵਿਸ਼ਵਾਸ ਦੁਆਇਆ ਕਿ ਉਹ ਮਾਰਕਿਟ ਵਿਚ ਵਪਾਰੀਆਂ ਨਾਲ ਮੀਟਿੰਗਾਂ ਕਰਕੇ ਪੂਰੇ ਬਿੱਲ ਕੱਟਣ ਅਤੇ ਪੂਰਾ ਜੀ.ਐੱਸ.ਟੀ. ਭਰਵਾਉਣ ਸਬੰਧੀ ਹਰ ਸੰਭਵ ਯਤਨ ਕਰਨਗੇ ਅਤੇ ਜੋ ਟ੍ਰੇਡਰ ਹਾਲੇ ਤੱਕ ਜੀ.ਐਸ.ਟੀ. ਅਧੀਨ ਰਜਿਸਟਰ ਨਹੀਂ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਰਜਿਸਟਰ ਹੋਣ ਲਈ ਕਿਹਾ ਜਾਵੇਗਾ।

About The Author

Leave a Reply

Your email address will not be published. Required fields are marked *

error: Content is protected !!