ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

0
– ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਮੁੱਖ ਮੰਤਰੀ ਵੱਲੋਂ ਡੀ.ਸੀ. ਨੇ ਮ੍ਰਿਤਕ ਦੇਹ ‘ਤੇ ਰੀਥ ਰੱਖੀ
– ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਡਾ. ਬਲਬੀਰ ਸਿੰਘ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ
ਪਟਿਆਲਾ, 31 ਅਗਸਤ 2024 : ਸਾਬਕਾ ਮੰਤਰੀ ਸਰਵਗੀ ਸ. ਸੁਰਜੀਤ ਸਿੰਘ ਕੋਹਲੀ (73), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨੂੰ ਅੱਜ ਹਜਾਰਾਂ ਦੀ ਗਿਣਤੀ ‘ਚ ਸੇਜਲ ਅੱਖਾਂ ਵੱਲੋਂ ਅੰਤਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਇੱਥੇ ਰਾਜਪੁਰਾ ਰੋਡ ‘ਤੇ ਸਥਿਤ ਬੀਰ ਜੀ ਦੇ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਤੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਗੁਰਜੀਤ ਸਿੰਘ ਕੋਹਲੀ ਨੇ ਦਿਖਾਈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਮ੍ਰਿਤਕ ਦੇਹ ‘ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ ਅਤੇ ਡਾ. ਬਲਬੀਰ ਸਿੰਘ ਨੇ ਰੀਥਾਂ ਰੱਖਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸਲਾਮੀ ਦਿੱਤੀ।
ਇਸ ਦੌਰਾਨ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਨੀਨਾ ਮਿੱਤਲ, ਗੁਰਦੇਵ ਸਿੰਘ ਦੇਵ ਮਾਨ, ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਉਨ੍ਹਾਂ ਦੇ ਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ, ਏ.ਡੀ.ਜੀ.ਪੀ. ਏ.ਐਸ. ਰਾਏ, ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ. ਡਾ. ਨਾਨਕ ਸਿੰਘ, ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਵੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਰੱਖਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ।
ਪਰਿਵਾਰਕ ਸੂਤਰਾਂ ਮੁਤਾਬਕ ਸਵਰਗੀ ਸ. ਕੋਹਲੀ ਦੇ ਫੁੱਲ ਚੁਗਣ ਅਤੇ ਅੰਗੀਠਾ ਸੰਭਾਲਣ ਦੀ ਰਸਮ ਮਿਤੀ 1 ਸਤੰਬਰ ਨੂੰ ਸਵੇਰੇ 9 ਵਜੇ ਬੀਰ ਜੀ ਦੇ ਸਮਸ਼ਾਨਘਾਟ ਵਿਖੇ ਨਿਭਾਈ ਜਾਵੇਗੀ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਦਿਨ ਸ਼ੁੱਕਰਵਾਰ 6 ਸਤੰਬਰ ਨੂੰ ਬਾਅਦ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 9ਵੀਂ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਵੇਗੀ।
ਇਸੇ ਦੌਰਾਨ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਵਰਗੀ ਸ. ਕੋਹਲੀ ਦੇ ਅਕਾਲ ਚਲਾਣੇ ਨੂੰ ਕੋਹਲੀ ਪਰਿਵਾਰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜੌੜਾਮਾਜਰਾ ਨੇ ਪਰਮਾਤਮਾਂ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਇਸ ਮੌਕੇ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ, ਆਪ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਜਗਦੀਪ ਸਿੰਘ ਜੱਗਾ, ਪ੍ਰੀਤੀ ਮਲਹੋਤਰਾ, ਕੁੰਦਨ ਗੋਗੀਆ, ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਐਮ.ਐਲ.ਏ. ਮਦਨ ਲਾਲ ਜਲਾਲਪੁਰ, ਸੰਜੀਵ ਬਿੱਟੂ, ਗੁਰਤੇਜ ਸਿੰਘ ਢਿੱਲੋਂ, ਇੰਦਰਮੋਹਨ ਸਿੰਘ ਬਜਾਜ, ਅਮਰਿੰਦਰ ਸਿੰਘ ਬਜਾਜ, ਹਰਵਿੰਦਰ ਸਿੰਘ ਹਰਪਾਲਪੁਰ, ਸਾਬਕਾ ਐਮ.ਪੀ. ਪਰਨੀਤ ਕੌਰ ਦੀ ਤਰਫ਼ੋਂ ਰਜਨੀਸ਼ ਸ਼ੋਰੀ, ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ, ਵਿਜੇ ਕਪੂਰ, ਪ੍ਰਿੰਸੀਪਲ ਜੇ.ਪੀ. ਸਿੰਘ, ਕਿਸ਼ਨ ਚੰਦ ਬੁੱਧੂ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ ਤੇ ਜਸਮੇਰ ਸਿੰਘ ਲਾਛੜੂ, ਜਗਜੀਤ ਸਿੰਘ ਦਰਦੀ, ਹਰੀ ਸਿੰਘ ਟੌਹੜਾ, ਹਰਵਿੰਦਰ ਸਿੰਘ ਨਿੱਪੀ, ਲਖਵੀਰ ਸਿੰਘ ਲੌਟ, ਸਤਵੀਰ ਸਿੰਘ ਖੱਟੜਾ, ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਡੀ.ਆਈ.ਜੀ. ਗੁਰਪ੍ਰੀਤ ਸਿੰਘ ਗਿੱਲ, ਸਤਨਾਮ ਸਿੰਘ ਕਲੇਰ, ਸਾਬਕਾ ਮੰਤਰੀ ਨੁਸਰਤ ਅਲੀ ਖਾਨ, ਹਿੰਦੂ ਤਖ਼ਤ ਵੱਲੋਂ ਬ੍ਰਹਮਾਨੰਦ ਗਿਰੀ ਤੇ ਕਾਲੀ ਮਾਤਾ ਮੰਦਿਰ ਵੱਲੋਂ ਸਵਤੰਤਰ ਪਾਸੀ ਵੀ ਮੌਜੂਦ ਸਨ।
ਸਸਕਾਰ ਮੌਕੇ ਗਿਆਨੀ ਫੂਲਾ ਸਿੰਘ ਤੇ ਗਿਆਨੀ ਭੁਪਿੰਦਰ ਪਾਲ ਸਿੰਘ ਨੇ ਜਪੁਜੀ ਸਾਹਿਬ ਦਾ ਪਾਠ ਤੇ ਅੰਤਿਮ ਅਰਦਾਸ ਕੀਤੀ। ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਅੰਤਿਮ ਸਸਕਾਰ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ ਪਟਿਆਲਾ ਸ਼ਹਿਰ ਦੇ ਨਿਵਾਸੀ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਸਕੇ ਸਬੰਧੀਆਂ ਸਮੇਤ ਹੋਰਨਾਂ ਅਹਿਮ ਸ਼ਖ਼ਸੀਅਤਾਂ ਵੱਲੋਂ ਸਵਰਗੀ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

About The Author

Leave a Reply

Your email address will not be published. Required fields are marked *

error: Content is protected !!