ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਸ਼ੇਰਗੜ੍ਹ ’ਚ ਸਟੇਡੀਅਮ ਦੇ ਨਵੀਨੀਕਰਨ ਦੀ ਕਰਵਾਈ ਸ਼ੁਰੂਆਤ
– ਕਿਹਾ, ਪੰਜਾਬ ’ਚ ਖੇਡਾਂ ਦੇ ਨਵੇਂ ਯੁੱਗ ਦੀ ਹੋਈ ਹੈ ਸ਼ੁਰੂਆਤ
ਹੁਸ਼ਿਆਰਪੁਰ, 30 ਅਗਸਤ 2024 : ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਪਿੰਡ ਸ਼ੇਰਗੜ੍ਹ ਵਿਚ ਸਟੇਡੀਅਮ ਦੇ ਨਵੀਨੀਕਰਨ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮਹੱਤਵਪੂਰਨ ਪ੍ਰੋਜੈਕਟ ’ਤੇ ਲਗਭਗ 17 ਲੱਖ ਰੁਪਏ ਖਰਚਾ ਆਵੇਗਾ ਅਤੇ ਇਸ ਦਾ ਉਦੇਸ਼ ਸਟੇਡੀਅਮ ਨੂੰ ਇਕ ਆਧੁਨਿਕ ਖੇਡ ਪਾਰਕ ਵਿਚ ਤਬਦੀਲ ਕਰਨਾ ਹੈ। ਨਵੀਨੀਕਰਨ ਤਹਿਤ ਸਟੇਡੀਅਮ ਵਿਚ ਬੈਡਮਿੰਟਨ, ਵਾਲੀਬਾਲ ਅਤੇ ਬਾਸਕਟਬਾਲ ਦੇ ਕੋਰਟ ਬਣਾਏ ਜਾਣਗੇ। ਇਸ ਤੋਂ ਇਲਾਵਾ ਸੈਰ ਕਰਨ ਲਈ ਇਕ ਸੁੰਦਰ ਟਰੈਕ ਅਤੇ ਬੈਠਣ ਲਈ ਬੈਂਚ ਵੀ ਸਥਾਪਿਤ ਕੀਤੇ ਜਾਣਗੇ, ਜੋ ਕਿ ਉਪਰ ਤੋਂ ਕਵਰ ਹੋਣਗੇ, ਤਾਂ ਜੋ ਬਰਸਾਤ ਦੌਰਾਨ ਵੀ ਲੋਕ ਇਥੇ ਬੈਠ ਸਕਣ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਇਥੇ ਬੱਚਿਆਂ ਲਈ ਪਾਰਕ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਚਿਲਡਰਨ ਪਾਰਕ ਬੱਚਿਆਂ ਦੇ ਖੇਡਣ ਲਈ ਇਕ ਸੁਰੱਖਿਅਤ ਅਤੇ ਢੁਕਵੀਂ ਥਾਂ ਪ੍ਰਦਾਨ ਕਰੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਦੀ ਗੁਣਵੱਤਾ ਵਿਚ ਕਿਸੇ ਵੀ ਪ੍ਰਕਾਰ ਦੀ ਕਮੀ ਨਾ ਰਹੇ ਅਤੇ ਸਾਰੇ ਨਿਰਮਾਣ ਕਾਰਜ ਮਿਆਰਾਂ ਅਨੁਸਾਰ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ।
ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਨਵੀਨੀਕਰਨ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਨਾ ਕੇਵਲ ਪਿੰਡ ਸ਼ੇਰਗੜ੍ਹ ਦੇ ਖੇਡ ਖੇਤਰ ਵਿਚ ਸੁਧਾਰ ਹੋਵੇਗਾ, ਬਲਕਿ ਸਥਾਨਕ ਨੌਜਵਾਨਾ ਅਤੇ ਬੱਚਿਆਂ ਲਈ ਖੇਡ ਦੀਆਂ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ, ਜਿਸ ਨਾਲ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਖੇਡ ਪਾਰਕਾਂ ਦੀ ਸਥਾਪਨਾ ਦੀ ਪਹਿਲ ਕੀਤੀ ਹੈ, ਜਿਸ ਦਾ ਉਦੇਸ਼ ਸੂਬੇ ਦੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦਿਸ਼ਾ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਬੀ.ਡੀ.ਪੀ.ਓ ਸੁਖਵਿੰਦਰ ਸਿੰਘ, ਰਜਿੰਦਰ ਕੁਮਾਰ, ਹਰਦੀਪ ਸਰੋਆ, ਸੰਦੇਸ਼ ਕੁਮਾਰ, ਮੋਹਨ ਲਾਲ ਯੋਗਰਾਜ ਬੈਂਸ, ਸਰਪੰਚ ਜਾਗਰ , ਨਿਰਮਲ ਫੌਜੀ, ਟੇਕ ਰਾਜ, ਪੰਚ ਪਰਮਜੀਤ ਕੌਰ, ਪੰਚ ਹਰਦੇਵ ਸਿੰਘ, ਰੋਸ਼ਨ ਲਾਲ, ਹਰਵਿੰਦਰ ਸਿੰਘ, ਦੌਲਤ ਰਾਮ, ਪਵਨ, ਅਵਤਾਰ ਤਾਰੀ, ਪ੍ਰਿਤਪਾਲ ਅਤੇ ਅਸ਼ੋਕ ਪਹਿਲਵਾਨ ਵੀ ਮੌਜੂਦ ਸਨ।