ਜਿਵੇਂ ਵੋਟਾਂ ਮੰਗਣ ਆਏ ਸੀ, ਉਸੇ ਤਰ੍ਹਾਂ ਕੰਮ ਕਰਨ ਲਈ ਲੋਕਾਂ ਕੋਲ ਵੀ ਜਾਵਾਂਗੇ – ਡਾ. ਬਲਬੀਰ ਸਿੰਘ
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰੰਭੇ ‘ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ’ ਪ੍ਰੋਗਰਾਮ ਤਹਿਤ ਪਿੰਡਾਂ ‘ਚ ਪੁੱਜੇ ਸਿਹਤ ਮੰਤਰੀ
– ਕਿਹਾ, ਪਿੰਡ ਵਾਸੀਆਂ ਦੀ ਵਿਕਾਸ ਕੰਮਾਂ ਦੀ ਹਰੇਕ ਮੰਗ ‘ਤੇ ਕੰਮ ਹੋਵੇਗਾ
– ਕੋਲਕਾਤਾ ਮੈਡੀਕਲ ਕਾਲਜ ‘ਚ ਮੈਡੀਕਲ ਵਿਦਿਆਰਥਣ ਨਾਲ ਦਰਿੰਦਗੀ ਦੀ ਨਿਖੇਧੀ, ਪੰਜਾਬ ਦੇ ਡਾਕਟਰਾਂ ਨਾਲ ਮੀਟਿੰਗ ਸੱਦੀ
ਭਾਦਸੋਂ/ਪਟਿਆਲਾ, 17 ਅਗਸਤ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਸ਼ੁਰੂ ਕੀਤੇ ਪ੍ਰੋਗਰਾਮ ‘ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ’ ਤਹਿਤ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ‘ਚ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਨ ਲਈ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਐਸ.ਡੀ.ਐਮ. ਨਾਭਾ ਤਰਸੇਮ ਚੰਦ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਜਿੱਥੇ ਸਾਰੇ ਪੰਜਾਬ ਲਈ ਸਿਹਤ ਮੰਤਰੀ ਹਨ, ਉਥੇ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਲਈ ਉਨ੍ਹਾਂ ਦੇ ਵਿਧਾਇਕ ਵੀ ਹਨ, ਇਸ ਲਈ ਉਹ ਜਿਵੇਂ ਪਹਿਲਾਂ ਵੋਟਾਂ ਮੰਗਣ ਲੋਕਾਂ ਕੋਲ ਆਏ ਸਨ, ਉਸੇ ਤਰ੍ਹਾਂ ਲੋਕਾਂ ਦੇ ਕੰਮ ਕਰਨ ਲਈ ਲੋਕਾਂ ਕੋਲ ਵੀ ਜਾਣਗੇ। ਉਨ੍ਹਾਂ ਨੇ ਪਿੰਡ ਧਨੌਰੀ, ਧਨੌਰਾ, ਦੰਦਰਾਲਾ ਖਰੌੜ, ਦਿਆਲਗੜ੍ਹ, ਲੌਟ, ਨਵਾਂ ਫ਼ਤਿਹਪੁਰ, ਕਾਠਮੱਠੀ, ਲਚਕਾਣੀ ਤੇ ਰੌਂਗਲਾ ਪਿੰਡਾਂ ਦਾ ਦੌਰਾ ਕੀਤਾ।
ਲੋਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਨੇੜੇ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਵੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ ਵਿੱਚ ਡਿਸਪੈਂਸਰੀਆਂ ਨਹੀਂ ਹਨ, ਉਥੇ ਹਰੇਕ ਹਫ਼ਤੇ ਅਤਿਆਧੁਨਿਕ ਐਂਬੂਲੈਂਸ ਆਇਆ ਕਰੇਗੀ ਤੇ ਵਿਸ਼ੇਸ਼ ਕੈਂਪ ਲਗਾਕੇ ਲੋਕਾਂ ਦੀ ਸਿਹਤ ਦਾ ਜਾਂਚ ਕਰਕੇ ਦਵਾਈਆਂ ਦਿੱਤੀਆਂ ਜਾਣਗੀਆਂ।
ਸਿਹਤ ਮੰਤਰੀ ਨੇ ਅੱਗੇ ਕੋਲਕਾਤਾ ਵਿਖੇ ਸਾਡੀ ਧੀ ਡਾਕਟਰ ਨਾਲ ਵਾਪਰੀ ਦਰਿੰਦਗੀ ਭਰਪੂਰ ਦੁਰਘਟਨਾ ਕਰਕੇ ਦੇਸ਼ ਭਰ ਦੇ ਡਾਕਟਰ ਹੜਤਾਲ ‘ਤੇ ਸਨ, ਇਸ ਵਿਰੁੱਧ ਅਸੀਂ ਸਾਰੇ ਇਕਜੁੱਟ ਹਾਂ, ਇਸੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਪੰਜਾਬ ਦੇ ਸਾਰੇ ਡਾਕਟਰ ਦੀ ਜਥੇਬੰਦੀ ਆਈ.ਐਮ.ਏ., ਪੀ.ਸੀ.ਐਮ.ਐਸ. ਐਸੋਸੀਏਸ਼ਨ ਨਾਲ ਵੀ ਸੋਮਵਾਰ ਨੂੰ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇਗੀ ਤਾਂ ਕਿ ਸਿਹਤ ਖੇਤਰ ਵਿੱਚ ਸੇਵਾ ਨਿਭਾ ਰਹੇ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਨਾਲ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।
ਡਾ. ਬਲਬੀਰ ਸਿੰਘ ਨੇ ਦੱਸਿਆ ਪਿੰਡਾਂ ਦੇ ਲੋਕਾਂ ਵੱਲੋਂ ਕੀਤੀ ਗਈ ਮੰਗ ਦੇ ਮੁਤਾਬਕ ਉਹ ਆਪਣੇ ਹਲਕੇ ਦੇ ਇਨ੍ਹਾਂ ਪਿੰਡਾਂ ਵਿੱਚ ਹਰੇਕ ਵਿਕਾਸ ਕੰਮ ਕਰਵਾਉਣ ਲਈ ਵਚਨਬੱਧ ਹਨ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਬੂਟੇ ਲਾਉਣ, ਸਮਸ਼ਾਨਘਾਟ ਇੱਕ ਬਣਾਉਣ ਅਤੇ ਪਿੰਡਾਂ ਵਿੱਚ ਸਾਫ਼-ਸਫ਼ਾਈ ਰੱਖਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਠੋਸ ਤੇ ਤਰਲ ਕੂੜੇ ਦੇ ਪ੍ਰਬੰਧਨ ਤੇ ਸਕੂਲਾਂ ਦੀ ਬਿਹਤਰੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ।
ਇਸ ਮੌਕੇ ਕਰਨਲ ਜੇ.ਵੀ. ਸਿੰਘ, ਐਡਵੋਕੇਟ ਰਾਹੁਣ ਸੈਣੀ, ਸੁਰੇਸ਼ ਰਾਏ, ਬੀ.ਡੀ.ਪੀ.ਓ. ਬਲਜੀਤ ਸਿੰਘ ਸੋਹੀ, ਜੈ ਸ਼ੰਕਰ ਸ਼ਰਮਾ, ਬਲਾਕ ਪ੍ਰਧਾਨ ਸੰਦੀਪ ਸਿੰਘ ਸਨੀ ਧਨੌਰਾ, ਮੋਹਿਤ ਕੁਮਾਰ, ਓਮ ਪ੍ਰਕਾਸ਼, ਹੇਮ ਰਾਜ, ਅਮਨ ਭੁੱਲਰ, ਜਸਵਿੰਦਰ ਸਿੰਘ ਡੀ.ਸੀ., ਜਗਦੀਪ ਸਿੰਘ ਧੰਗੇੜਾ ਅਤੇ ਪਤਵੰਤੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਪਿੰਡਾਂ ਦੇ ਵਸਨੀਕ ਮੌਜੂਦ ਸਨ।