ਜਲੰਧਰ ਪੱਛਮੀ ‘ਚ ‘ਆਪ’ ਦੀ ਜਿੱਤ ਦਾ ਰਾਹ ਪੱਧਰਾ ਕਰਨ ਲਈ ਮੁੱਖ ਮੰਤਰੀ ਦਾ ਮਾਸਟਰਸਟ੍ਰੋਕ
– ਤਿੰਨ ਦਹਾਕਿਆਂ ਬਾਅਦ ਜਲੰਧਰ ਮੁੜ ਸੱਤਾ ਦੇ ਕੇਂਦਰ ਵਜੋਂ ਉੱਭਰਿਆ
ਜਲੰਧਰ, 4 ਜੁਲਾਈ 2024 : ਸੂਬੇ ਦੇ ਸੱਤਾ ਦੇ ਕੇਂਦਰ ਵਜੋਂ ਉਭਰ ਰਹੇ ਸ਼ਹਿਰ ਜਲੰਧਰ ਵਾਸੀਆਂ ਲਈ ਤਕਰੀਬਨ ਤਿੰਨ ਦਹਾਕਿਆਂ ਬਾਅਦ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਲੀਹ ‘ਤੇ ਆ ਗਈ ਹੈ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ ਹੈ, ਜਿਨ੍ਹਾਂ ਨੇ ਲੋਕਾਂ ਦੀ ਸਹੂਲਤ ਲਈ ਸ਼ਹਿਰ ਚ ਆਪਣੀ ਰਿਹਾਇਸ਼ ਨੂੰ ਤਬਦੀਲ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ।
ਇਹ 1990 ਦੇ ਦਹਾਕੇ ਦੀ ਸ਼ੁਰੂਆਤ ਦੀ ਗੱਲ ਹੈ ਜਦੋਂ ਜਲੰਧਰ ਚ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ, ਜੋ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਸਨ, ਨੇ ਆਪਣੀ ਰਿਹਾਇਸ਼ ਰੱਖੀ ਸੀ । ਬੇਅੰਤ ਸਿੰਘ ਭਾਵੇਂ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਸਨ, ਪਰ ਉਸ ਨੇ ਅੱਤਵਾਦ ਦੇ ਔਖੇ ਸਮੇਂ ਦੌਰਾਨ ਦੁਆਬੇ ਅਤੇ ਮਾਝੇ ਦੇ ਲੋਕਾਂ ਨਾਲ ਬਿਹਤਰ ਸੰਪਰਕ ਨੂੰ ਯਕੀਨੀ ਬਣਾਉਣ ਲਈ ਜਲੰਧਰ ਕੈਂਟ ਤੋਂ ਚੋਣ ਲੜਨੀ ਚੁਣੀ। ਪਰ ਇਸ ਤੋਂ ਬਾਅਦ ਦੁਆਬਾ ਕਦੇ ਵੀ ਸੱਤਾ ਦਾ ਕੇਂਦਰ ਨਹੀਂ ਬਣਿਆ ਕਿਉਂਕਿ ਮੁੱਖ ਮੰਤਰੀ ਮਾਲਵਾ ਖੇਤਰ ਤੋਂ ਹੀ ਬਣੇ ਰਹੇ ਜਿੱਥੋਂ ਵਿਧਾਨ ਸਭਾ ਦੀਆਂ ਜ਼ਿਆਦਾਤਰ ਸੀਟਾਂ ਆਉਂਦੀਆਂ ਹਨ।
ਪਰ ਆਪਣੇ ਤੋ ਪਹਿਲੇ ਸਾਸ਼ਕਾਂ ਦੇ ਵਤੀਰੇ ਦੇ ਉਲਟ , ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਦੀ ਇੱਛਾ ਰੱਖਣ ਵਾਲੇ ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ਜਲੰਧਰ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸੁਚੱਜੇ ਕਦਮ ਦਾ ਉਦੇਸ਼ ਲੋਕਾਂ ਦੇ ਮਸਲਿਆਂ ਦਾ ਸਿੱਧੇ ਤੌਰ ‘ਤੇ ਨਿਪਟਾਰਾ ਕਰਨਾ ਹੈ ਅਤੇ ਇਸ ਤਰ੍ਹਾਂ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਆਪਣੇ ਮਾਮੂਲੀ ਕੰਮਾਂ ਲਈ ਚੰਡੀਗੜ੍ਹ ਨਾ ਜਾਣਾ ਪਵੇ। ਮੁੱਖ ਮੰਤਰੀ ਦੀ ਇਸ ਇਤਿਹਾਸਕ ਪਹਿਲਕਦਮੀ ਨੇ ਜਲੰਧਰ ਨੂੰ ਸੂਬੇ ਵਿੱਚ ਹੀ ਨਹੀਂ ਸਗੋਂ ਕੌਮੀ ਪੱਧਰ ’ਤੇ ਵੀ ਸਿਆਸਤ ਦੇ ਕੇਂਦਰ ਮੰਚ ’ਤੇ ਲਿਆ ਖੜ੍ਹਾ ਕੀਤਾ ਹੈ।
ਇਸ ਕਦਮ ਨਾਲ ਸ਼ਹਿਰ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਦੇ ਨਾਲ-ਨਾਲ ਦੁਆਬਾ ਅਤੇ ਮਾਝਾ ਖੇਤਰ ਵਿੱਚ ‘ਆਪ’ ਦੇ ਜਨ ਆਧਾਰ ਨੂੰ ਹੋਰ ਮਜ਼ਬੂਤ ਕਰਕੇ ਸ਼ਹਿਰ ਦੇ ਲੋਕਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਦਾ ਨਤੀਜਾ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ‘ਚ ਵੀ ਸਾਫ਼ ਨਜ਼ਰ ਆਵੇਗਾ ਕਿਉਂਕਿ ਇਸ ਪਹਿਲਕਦਮੀ ਤੋਂ ਉਤਸ਼ਾਹਿਤ ਹੋ ਕੇ ਹਲਕੇ ਦੇ ਲੋਕ ‘ਆਪ’ ਉਮੀਦਵਾਰ ਦੇ ਹੱਕ ‘ਚ ਫਤਵਾ ਦੇਣਗੇ | ਮੁੱਖ ਮੰਤਰੀ ਦਾ ਇਹ ਦੂਰਅੰਦੇਸ਼ੀ ਅਤੇ ਅਗਾਂਹਵਧੂ ਕਦਮ ਪਹਿਲਾਂ ਹੀ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੀ ਨੀਂਦ ਹਰਾਮ ਕਰ ਰਿਹਾ ਹੈ ਅਤੇ ਜ਼ਿਮਨੀ ਚੋਣ ਦੇ ਨਤੀਜੇ ਪੰਜਾਬ ਦੇ ਸਭ ਤੋਂ ਵੱਡੇ ਆਗੂ ਵਜੋਂ ਉਭਰਨ ਵਿੱਚ ਹੋਰ ਸਹਾਈ ਹੋਣਗੇ।