ਸੀਵਰੇਜ ’ਚ ਨਾ ਸੁੱਟੇ ਜਾਣ ਕੱਪੜੇ ਤੇ ਲਿਫਾਫ਼ੇ : ਮੇਅਰ
ਹੁਸ਼ਿਆਰਪੁਰ, 2 ਜੁਲਾਈ 2024 : ਮੇਅਰ ਨਗਰ ਨਿਗਮ ਹੁਸ਼ਿਆਰਪੁਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿਚ ਸਮੇਂ-ਸਮੇਂ ’ਤੇ ਸੀਵਰੇਜ ਬੰਦ ਹੋਣ ਅਤੇ ਓਵਰਫਲੋਅ ਹੋਣ ਸਬੰਧੀ ਸ਼ਿਕਾਇਤਾਂ ਨਗਰ ਨਿਗਮ ਨੂੰ ਪ੍ਰਾਪਤ ਹੋ ਰਹੀਆਂ ਹਨ, ਜਿਸ ਨੂੰ ਸਮੇਂ-ਸਮੇਂ ’ਤੇ ਠੀਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਲੋਕ ਹਿਤ ਵਿਚ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੰਦ ਹੋਏ ਸੀਵਰੇਜ ਨੂੰ ਤੁਰੰਤ ਖੁੱਲ੍ਹਵਾ ਕੇ ਪਾਣੀ ਦਾ ਨਿਰੰਤਰ ਵਹਾਅ ਬਹਾਲ ਕਰਨ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਕੀਰਤੀ ਨਗਰ ਦਾ ਸੀਵਰੇਜ ਬੰਦ ਹੋ ਗਿਆ ਸੀ ਅਤੇ ਕਈ ਦਿਨਾਂ ਤੱਕ ਕਾਫੀ ਮੁਸ਼ੱਕਤ ਤੋਂ ਬਾਅਦ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਜੋ ਵੀ ਮਸ਼ੀਨਰੀ ਦਫ਼ਤਰ ਦੇ ਕੋਲ ਉਪਲਬੱਧ ਸੀ, ਉਸ ਨਾਲ ਸੀਵਰੇਜ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਅੰਤ ਵਿਚ ਸੁਪਰ ਸੰਕਸ਼ਨ ਮਸ਼ੀਨ ਨਗਰ ਨਿਗਮ ਜਲੰਧਰ ਤੋਂ ਮੰਗਵਾ ਕੇ ਇਹ ਸੀਵਰੇਜ ਖੋਲਿ੍ਹਆ ਗਿਆ।
ਮੇਅਰ ਨੇ ਕਿਹਾ ਕਿ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਸੀਵਰੇਜ ’ਚੋਂ ਕਾਫੀ ਮਾਤਰਾ ਵਿਚ ਰਜਾਈਆਂ, ਗੱਦੇ, ਸਿਰਹਾਣੇ ਅਤੇ ਪਲਾਸਟਿਕ ਦੇ ਲਿਫਾਫ਼ੇ ਆਦਿ ਨਿਕਲੇ ਹਨ, ਜੋ ਕਿ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਮੁਹੱਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੀਵਰੇਜ ਬਲਾਕੇਜ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸੀਵਰੇਜ ਵਿਚ ਕਿਸੇ ਵੀ ਕਿਸਮ ਦੇ ਕੱਪੜੇ ਜਾਂ ਠੋਸ ਵਸਤੂਆਂ ਨਾ ਸੁਟੀਆਂ ਜਾਣ ਅਤੇ ਪਲਾਸਟਿਕ ਦੇ ਲਿਫਾਫ਼ਿਆਂ ਨੂੰ ਸੀਵਰੇਜ ਵਿਚ ਸੁੱਟਣਾ ਪੂਰਨ ਤੌਰ ’ਤੇ ਬੰਦ ਕੀਤਾ ਜਾਵੇ।