ਦਿਵਿਆਂਗ ਵਿਅਕਤੀਆਂ ਨੂੰ ਰੈੱਡ ਕਰਾਸ ਵੱਲੋਂ ਮੁਫ਼ਤ ਸਹਾਇਤਾ ਉਪਕਰਨ ਦੀ ਵੰਡ ਜੁਲਾਈ ’ਚ ਕੀਤੀ ਜਾਵੇਗੀ

– 339 ਦਿਵਿਆਂਗਜਨ ਨੂੰ 80 ਲੱਖ ਰੁਪਏ ਦੇ ਉਪਕਰਨ ਪ੍ਰਦਾਨ ਕੀਤੇ ਜਾਣਗੇ : ਡਿਪਟੀ ਕਮਿਸ਼ਨਰ
ਪਟਿਆਲਾ, 21 ਜੂਨ 2024 : ਅਲਿਮਕੋ ਕਾਨਪੁਰ ਅਤੇ ਰੈੱਡ ਕਰਾਸ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਵੱਲੋਂ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਸੀ.ਐਸ.ਆਰ. ਸਕੀਮ ਅਤੇ ਭਾਰਤ ਸਰਕਾਰ ਦੀ ਏਡਿੱਪ ਸਕੀਮ ਤਹਿਤ ਲੋੜੀਂਦੇ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਦਸੰਬਰ 2023 ਵਿੱਚ ਵੱਖ-ਵੱਖ ਥਾਵਾਂ ‘ਤੇ ਮੈਡੀਕਲ ਜਾਂਚ ਕੈਂਪ ਸਮਾਣਾ, ਪਾਤੜਾਂ, ਨਾਭਾ, ਪਟਿਆਲਾ, ਰਾਜਪੁਰਾ ਵਿਖੇ ਲਗਾਏ ਗਏ ਸਨ। ਜਿਸ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਦੀ ਜਾਂਚ ਵਿਸ਼ੇਸ਼ ਮਾਹਿਰਾਂ ਦੀ ਟੀਮ ਵੱਲੋਂ ਕੀਤੀ ਗਈ ਸੀ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਅਫ਼ਸਰ ਪਟਿਆਲਾ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਦਸੰਬਰ 2023 ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਮੈਡੀਕਲ ਜਾਂਚ ਕੈਂਪ ਲਗਾਏ ਗਏ ਸਨ ਜਿਸ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ 860 ਤੋਂ ਵੱਧ ਦਿਵਿਆਂਗ ਵਿਅਕਤੀਆਂ ਦੇ ਨਰੀਖਣ ਉਪਰੰਤ 339 ਵਿਅਕਤੀਆਂ ਨੂੰ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ ਸੂਚੀਬੱਧ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਪਟਿਆਲਾ -ਕਮ- ਪ੍ਰਧਾਨ ਰੈੱਡ ਕਰਾਸ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਦਸੰਬਰ 2023 ਵਿਸ਼ੇਸ਼ ਜ਼ਰੂਰਤਾਂ ਵਾਲੇ ਜਿਨ੍ਹਾਂ ਵਿਅਕਤੀਆਂ ਨੂੰ ਸੂਚੀਬੱਧ ਕੀਤਾ ਗਿਆ ਸੀ ਉਨ੍ਹਾਂ ਨੂੰ ਲਗਭਗ 80 ਲੱਖ ਤੋਂ ਵੱਧ ਦੀ ਕੀਮਤ ਦਾ ਸਮਾਨ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਸੀ. ਐਸ. ਆਰ. ਸਕੀਮ ਅਤੇ ਭਾਰਤ ਸਰਕਾਰ ਦੀ ਏ.ਡੀ.ਆਈ.ਪੀ ਸਕੀਮ ਤਹਿਤ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਕੇਂਦਰ ਜੇਲ੍ਹ ਰੋਡ ਪਟਿਆਲਾ ਵਿਖੇ ਜੁਲਾਈ 2024 ਵਿੱਚ ਲਗਾਏ ਜਾ ਰਹੇ ਕੈਂਪਾਂ ਵਿੱਚ ਅਲਿਮਕੋ ਕਾਨਪੁਰ ਵੱਲੋਂ ਮੋਟਰਾਈਜ਼ ਟ੍ਰਾਈਸਾਇਕਲ ਟ੍ਰਾਈਸਾਇਕਲ, ਵ੍ਹੀਲ ਚੇਅਰ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਦੀਆਂ ਮਸ਼ੀਨਾਂ ਨੇਤਰਹੀਣ ਵਿਅਕਤੀਆਂ ਲਈ ਸਮਾਰਟ ਫ਼ੋਨ, ਬੱਚਿਆਂ ਲਈ ਐਮ.ਆਰ ਕਿੱਟਾਂ, ਚੱਲਣ ਫਿਰਨ ਤੋਂ ਅਸਮਰਥ ਵਿਅਕਤੀਆਂ ਲਈ ਬਸਾਖੀਆ ਅਤੇ ਕੈਲੀਪਰ ਆਦਿ ਦਿੱਤੇ ਜਾਣਗੇ।
ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰੈੱਡ ਕਰਾਸ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਕੇਂਦਰ ਜੇਲ੍ਹ ਰੋਡ ਪਟਿਆਲਾ ਵਿਖੇ ਮਿਤੀ 10 ਜੁਲਾਈ 2024 ਨੂੰ ਨਾਭਾ ਅਤੇ ਰਾਜਪੁਰਾ ਬਲਾਕ, ਮਿਤੀ 11 ਜੁਲਾਈ 2024 ਨੂੰ ਸਮਾਣਾ ਅਤੇ ਪਾਤੜਾਂ ਬਲਾਕ, ਮਿਤੀ 12 ਜੁਲਾਈ 2024 ਨੂੰ ਪਟਿਆਲਾ ਬਲਾਕ ਨਾਲ ਸਬੰਧਤ ਸੂਚੀਬੱਧ ਹੋਏ ਵਿਅਕਤੀ ਭਾਗ ਲੈ ਕੇ ਅਪਣਾ ਸਹਾਇਤਾ ਉਪਕਰਨ ਪ੍ਰਾਪਤ ਕਰ ਸਕਦੇ ਹਨ। ਸਹਾਇਤਾ ਪ੍ਰਾਪਤ ਕਰਨ ਲਈ ਸੂਚੀਬੱਧ ਹੋਏ ਵਿਅਕਤੀ ਕੋਲ ਅਪਣਾ ਪਹਿਚਾਣ ਪੱਤਰ ਅਤੇ ਦਸੰਬਰ 2023 ਵਿੱਚ ਅਲਿਮਕੋ ਕਾਨਪੁਰ ਵੱਲੋਂ ਜਾਰੀ ਪਰਚੀ ਹੋਣੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਰੀਰਕ ਤੌਰ ਤੇ ਦਿਵਿਆਂਗ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਤੇ ਦਿਵਿਆਂਗ ਹੁੰਦਾ ਹੈ। ਹਰ ਇਕ ਵਿਅਕਤੀ ਨੂੰ ਆਪਣਾ ਮਨੋਬਲ ਉੱਚਾ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਇੱਕ ਚੰਗਾ ਸਮਾਜ ਸਿਰਜਣ ਵਿੱਚ ਵੀ ਯੋਗਦਾਨ ਪਾ ਸਕੇ।