ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

ਪਟਿਆਲਾ , 5 ਜੂਨ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਅੱਜ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਮੈਡਮ ਰੁਪਿੰਦਰਜੀਤ ਚਾਹਲ ਨੇ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਦੇ ਵਿਹੜੇ ਵਿੱਚ ਪਿੱਪਲ, ਬੋਹੜ ਅਤੇ ਨਿੰਮ (ਤ੍ਰਿਵੇਣੀ) ਦੇ ਬੂਟੇ ਲਗਾਏ।
ਇਸ ਮੌਕੇ ਮੈਡਮ ਨਵਦੀਪ ਗਿੱਲ, ਸੀ.ਜੇ.ਐਮ, ਪਟਿਆਲਾ, ਸ੍ਰੀ  ਅਤੁਲ ਕੰਬੋਜ, ਸਿਵਲ ਜੱਜ (ਸੀਨੀਅਰ ਡੀਵੀਜਨ), ਪਟਿਆਲਾ ਅਤੇ ਮੈਡਮ ਮੰਨੀ ਅਰੋੜਾ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਵੀ ਮੋਰਿੰਗਾ ਓਲੀਫੇਰਾ, ਨਿੰਮ ਆਦਿ ਦੇ ਰੁੱਖ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ।
ਮੈਡਮ ਅਰੋੜਾ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਵੱਡੀ ਗਿਣਤੀ ‘ਚ ਰੁੱਖਾਂ ਦੀ ਕਟਾਈ ਨਾਲ ਪ੍ਰਦੂਸ਼ਣ ਦੇ ਪੱਧਰ ‘ਚ ਵਾਧਾ ਸਾਡੇ ਮੌਸਮ ‘ਚ ਅਸੰਤੁਲਨ ਪੈਦਾ ਕਰ ਰਿਹਾ ਹੈ, ਜਿਸ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਸਾਡੇ ਵਾਤਾਵਰਨ ਨੂੰ ਵੀ ਹਰਿਆ-ਭਰਿਆ ਬਣਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਬੂਟੇ ਦੀ ਸਹੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਵਧੇ ਹੋਏ ਰੁੱਖ ਬਣ ਸਕਣ। ਇਸ ਮੌਕੇ ਸ. ਪਰਮਜੀਤ ਸਿੰਘ, ਪੀ.ਐਲ.ਵੀ., ਸ਼. ਗੁਰਕੀਰਤ ਸਿੰਘ, ਪੀ.ਐਲ.ਵੀ. ਅਤੇ ਸ਼. ਜਸਪਾਲ ਸਿੰਘ, ਪੀ.ਐਲ.ਵੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦਾ ਸਟਾਫ  ਵੀ ਹਾਜ਼ਰ ਸੀ।
ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਦੇ ਸਹਿਯੋਗ ਨਾਲ ਅਜੀਤ ਨਗਰ, ਪਟਿਆਲਾ, ਗੁਰਦੁਆਰਾ ਦੁਖਨਿਵਾਰਨ ਸਾਹਿਬ, ਪਟਿਆਲਾ, ਅਤੇ ਤ੍ਰਿਕੋਣਾ ਪਾਰਕ ਮਾਡਲ ਟਾਊਨ, ਪਟਿਆਲਾ ਦੇ ਸਾਹਮਣੇ ਨਿੰਮ, ਪਿੱਪਲ ਅਤੇ ਬੋਹੜ ਦੇ ਬੂਟੇ ਵੀ ਲਗਾਏ ਗਏ।
ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਦੇ ਸਹਿਯੋਗ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ, ਸਮਾਣਾ, ਸ੍ਰੀ ਗੁਰੂ ਤੇਗ ਬਹਾਦਰ ਨਗਰ ਨਾਭਾ ਅਤੇ ਰਾਜਪੁਰਾ ਸ਼ਹਿਰ ਵਿਖੇ ਵੀ ਬੂਟੇ ਲਗਾਏ ਗਏ।

About The Author