ਨਰਮੇ ਦੀ ਸਫਲ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ –ਡਿਪਟੀ ਕਮਿਸ਼ਨਰ

ਫਾਜ਼ਿਲਕਾ , 13 ਮਈ | ਜ਼ਿਲਾ ਫਾਜ਼ਿਲਕਾ ਵਿੱਚ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਲਗਾਤਾਰ ਪਿੰਡਾਂ ਵਿਚ ਜਾ ਕੇ ਕਿਸਾਨਾਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ। ਇਹ ਹੁਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਨਰਮੇ ਦੀ ਫਸਲ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੇ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਬਿਜਾਈ ਛੇਤੀ ਪੂਰੀ ਕਰ ਲੈਣ। ਉਨ੍ਹਾਂ ਦੱਸਿਆ ਕਿ ਇਨਾਂ ਪਿੰਡਾਂ ਵਿਚ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਤਕਨੀਕ ਪਖੋ ਹਰ ਮਦਦ ਕੀਤੀ ਜਾਵੇਗੀ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦਾ ਬੀਜ ਅਧਿਕਾਰਤ ਡੀਲਰ ਤੋਂ ਹੀ ਖਰੀਦਣ ਅਤੇ ਬੀਜ ਦਾ ਬਿੱਲ ਜਰੂਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਨਰਮੇ ਦੀ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਨੇ ਆਖਿਆ ਕਿ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਇਸ ਮੁਹਿੰਮ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ।
ਖੇਤੀਬਾੜੀ ਅਫ਼ਸਰ ਡਾ: ਮਮਤਾ ਨੇ ਨਰਮੇ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ  ਪਿਛਲੇ ਸਾਲ ਮੌਸਮੀ ਖਰਾਬੀ ਦੇ ਕਾਰਨ ਨਰਮੇ ਦੀ ਫਸਲ ਦੀ ਪੈਦਾਵਾਰ ਘੱਟ ਮਿਲੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ । ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਮੁੱਖ ਤੌਰ ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨਾਮੀ ਕੀਟ ਨੁਕਸਾਨ ਪਹੁੰਚਾਉਂਦੇ ਹਨ ,ਜਿਨ੍ਹਾਂ ਦੀ ਰੋਕਥਾਮ ਲਈ ਸਮੇਂ ਸਿਰ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।  ਉਨ੍ਹਾਂ ਦੱਸਿਆ ਨਰਮੇ ਦੀ ਕਾਸ਼ਤ ਲਈ ਖਾਦਾਂ ਦੀ ਵਰਤੋਂ  ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਹੀ ਕਰਨੀ ਚਾਹੀਦੀ ਹੈ । ਫਸਲ ਦੇ ਚੰਗੇ ਜੰਮ ਅਤੇ ਮੁਢਲੇ ਵਾਧੇ ਲਈ ਭਰਵੀ ਰੌਣੀ ਜ਼ਰੂਰ ਕਰ ਲੈਣੀ  ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਨਰਮੇ ਦਾ ਬੀਟੀ ਹਾਇਬ੍ਰਿੰਡ ਬੀਜ ਸਿਫਾਰਸ਼ ਅਨੁਸਾਰ ਦੋ ਪੈਕਟ ਪ੍ਰਤੀ ਏਕੜ ਹੀ ਪਾਉਣਾ ਚਾਹੀਦਾ ਹੈ ਅਤੇ ਜਿਆਦਾ ਬੀਜ ਨਹੀਂ ਪਾਊਣਾ ਚਾਹੀਦਾ ਹੈ।
ਅਬੋਹਰ ਦੇ ਬਲਾਕ ਖੇਤੀਬਾੜੀ ਅਫ਼ਸਰ ਸੁੰਦਰ ਲਾਲ ਨੇ ਕਿਹਾ ਕਿ ਖੇਤ ਤਿਆਰ ਕਰਨ ਤੋਂ ਪਹਿਲਾਂ ਇਕ ਮੀਟਰ ਦੀ ਦੂਰੀ ਤੇ ਦੋ ਤਰਫਾ ਤਹਿ ਤੋੜ ਹੱਲ ਜ਼ਰੂਰ ਚਲਾ ਲੇਣਾ ਚਾਹੀਦਾ ਤਾਂ ਜੋ ਨਰਮੇ ਦੇ ਬੂਟਿਆਂ ਦੀਆਂ ਜੜਾਂ ਡੂੰਘੀਆਂ ਜਾ ਸਕਣ ਅਤੇ ਪੌਦਾ ਡੂੰਘਾਈ ਤੋਂ ਖੁਰਾਕੀ ਤੱਤ ਲੈ ਸਕੇ। ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਇੱਕ ਲਿਟਰ ਪੈਂਡੀਮੈਥਾਲੀਨ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਬਿਜਾਈ ਤੋਂ 24 ਘੰਟਿਆਂ ਦੇ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।

About The Author

You may have missed