ਫੜਿਆ ਗਿਆ ਰਾਮੇਸ਼ਵਰਮ ਕੈਫੇ ਧਮਾਕੇ ਦਾ ਦੋਸ਼ੀ, ਪੁਲਿਸ ਨੇ 4 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਸ਼ੁਰੂ ਕੀਤੀ ਪੁੱਛਗਿੱਛ

ਬੈਂਗਲੁਰੂ , 2 ਮਾਰਚ । ਬੈਂਗਲੁਰੂ ਦੇ ਵਾਈਟਫੀਲਡ ਇਲਾਕੇ ਵਿੱਚ ਰਾਮੇਸ਼ਵਰਮ ਕੈਫੇ ਵਿੱਚ ਹੋਏ ਬੰਬ ਧਮਾਕੇ ਦੇ ਸਬੰਧ ਵਿੱਚ ਚਾਰ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਕੇਂਦਰੀ ਅਪਰਾਧ ਸ਼ਾਖਾ ਦੇ ਅਧਿਕਾਰੀ ਧਾਰਵਾੜ, ਹੁਬਲੀ ਅਤੇ ਬੈਂਗਲੁਰੂ ਤੋਂ ਫੜੇ ਗਏ ਚਾਰਾਂ ਤੋਂ ‘ਵਿਸਤ੍ਰਿਤ’ ਪੁੱਛਗਿੱਛ ਕਰ ਰਹੇ ਹਨ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੀਡੀਆ ਨੂੰ ਅਪੀਲ
ਬੈਂਗਲੁਰੂ ਸਿਟੀ ਦੇ ਕਮਿਸ਼ਨਰ ਬੀ ਦਯਾਨੰਦ ਨੇ ਕਿਹਾ ਕਿ ਰਾਮੇਸ਼ਵਰਮ ਕੈਫੇ ਘਟਨਾ ਦੀ ਜਾਂਚ, ਜੋ ਸ਼ੁੱਕਰਵਾਰ ਦੁਪਹਿਰ ਨੂੰ ਆਈਈਡੀ (IED) ਕਾਰਨ ਹੋਈ ਸੀ, ਪੂਰੇ ਜ਼ੋਰਾਂ ‘ਤੇ ਹੈ। ਉਨ੍ਹਾਂ ਕਿਹਾ, ‘ਹੁਣ ਤੱਕ ਮਿਲੇ ਵੱਖ-ਵੱਖ ਸੁਰਾਗਾਂ ‘ਤੇ ਕਈ ਟੀਮਾਂ ਕੰਮ ਕਰ ਰਹੀਆਂ ਹਨ।’ ਦਯਾਨੰਦ ਨੇ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਡੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਟਕਲਾਂ ਵਿੱਚ ਨਾ ਉਲਝੇ ਅਤੇ ਸਹਿਯੋਗ ਕਰਨ। ਦੱਸ ਦਈਏ ਕਿ ਇਸ ਹਾਦਸੇ ‘ਚ 10 ਲੋਕ ਜ਼ਖਮੀ ਹੋ ਗਏ।
ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਖ਼ਤ ਸੁਰੱਖਿਆ
ਇਸ ਘਟਨਾ ਤੋਂ ਬਾਅਦ ਸੂਬੇ ਭਰ ‘ਚ ਖਾਸਕਰ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਬੈਂਗਲੁਰੂ ਪੁਲਿਸ ਨੇ ਕੈਫੇ ਧਮਾਕੇ ਦੇ ਸਬੰਧ ਵਿੱਚ ਸਖ਼ਤ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।