ਵਾਣੀ ਸਕੂਲ ‘ਚ ਸਪੈਸ਼ਲ ਬੱਚਿਆਂ ਲਈ ਬਣਾਏ ਚਾਰ ਬਾਥਰੂਮ
ਪਟਿਆਲਾ , 23 ਫਰਵਰੀ | ਪਟਿਆਲਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਰਬਨ ਅਸਟੇਟ ‘ਚ ਸਥਿਤ ਵਾਣੀ ਸਕੂਲ ਵਿਖੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਨਵੇਂ ਬਣੇ ਚਾਰ ਬਾਥਰੂਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਅਲਟਰਾਟੈਕ ਸੀਮਿੰਟ ਕੰਪਨੀ ਦੇ ਯੂਨਿਟ ਹੈੱਡ ਮਨਹੋਰ ਲਾਲ ਤੇ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਕੌਰ ਵਿਰਕ ਵੀ ਮੌਜੂਦ ਸਨ।
ਅਲਟਰਾਟੈਕ ਸੀਮਿੰਟ ਵੱਲੋਂ ਆਪਣੇ ਸੀ.ਐਸ.ਆਰ. ਫੰਡ ਰਾਹੀਂ ਬਣਾਏ ਚਾਰ ਬਾਥਰੂਮਾਂ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਡੇ ਵਪਾਰਕ ਅਦਾਰਿਆਂ ਵੱਲੋਂ ਸੀ.ਐਸ.ਆਰ. ਫੰਡ ਰਾਹੀਂ ਵਿੱਦਿਅਕ ਸੰਸਥਾਵਾਂ ਦੀ ਕੀਤੀ ਜਾਂਦੀ ਸਹਾਇਤਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਲਟਰਾਟੈਕ ਸੀਮਿੰਟ ਵੱਲੋਂ ਪਹਿਲਾਂ ਸੋਲਰ ਪਲਾਂਟ ਵੀ ਲਗਾਇਆ ਗਿਆ ਸੀ ਤੇ ਹੁਣ ਸਕੂਲ ‘ਚ ਚਾਰ ਬਾਥਰੂਮ ਬਣਵਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ ਸਕੂਲ ਤੇ ਸਮਾਜ ‘ਚ ਹਰੇਕ ਸਹੂਲਤ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹ ਲਿਖ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਰਨਾਂ ਵਪਾਰਕ ਅਦਾਰਿਆਂ ਨੂੰ ਵੀ ਆਪਣੇ ਸੀ.ਆਰ.ਐਸ. ਫ਼ੰਡ ਦੀ ਵਰਤੋਂ ਸਮਾਜ ਭਲਾਈ ਦੇ ਕੰਮਾਂ ‘ਚ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਾਣੀ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਕੌਰ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਤੇ ਅਲਟਾਰਟੈਕ ਸੀਮਿੰਟ ਕੰਪਨੀ ਦੇ ਯੂਨਿਟ ਹੈੱਡ ਮਨਹੋਰ ਲਾਲ ਦਾ ਸਕੂਲ ਪੁੱਜਣ ‘ਤੇ ਸਵਾਗਤ ਕੀਤਾ ਅਤੇ ਸਕੂਲ ‘ਚ ਬਣਾਏ ਗਏ ਬਾਥਰੂਮਾਂ ਲਈ ਧੰਨਵਾਦ ਕੀਤਾ।