ਕੋਲੰਬੀਆ ”ਚ ਹੈਲੀਕਾਪਟਰ ਹਾਦਸਾਗ੍ਰਸਤ, 4 ਪੁਲਸ ਮੁਲਾਜ਼ਮਾਂ ਦੀ ਮੌਤ
ਬੋਗੋਟਾ , 23 ਫਰਵਰੀ । ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਦੇ ਐਂਟੀਓਕੀਆ ਸੂਬੇ ਦੇ ਕਾਰਮਾਂਟਾ ਸ਼ਹਿਰ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 4 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ‘ਚ 4 ਪੁਲਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਰਾਸ਼ਟਰੀ ਪੁਲਸ ਮੁਖੀ ਜਨਰਲ ਵਿਲੀਅਮ ਰੇਨੇ ਸਲਾਮਾਂਕਾ ਅਤੇ ਰੱਖਿਆ ਮੰਤਰੀ ਇਵਾਨ ਵੇਲਾਸਕੁਏਜ਼ ਨੇ ਇੱਕ ਸੰਯੁਕਤ ਪੱਤਰਕਾਰ ਸੰਮੇਲਨ ਵਿੱਚ ਕਿਹਾ, “ਹੈਲੀਕਾਪਟਰ ਕਾਕੇਸ਼ੀਆ-ਮੇਡੇਲਿਨ-ਤੁਲੁਆ ਮਾਰਗ ਨੂੰ ਕਵਰ ਕਰ ਰਿਹਾ ਸੀ। ਇਸ ਦੌਰਾਨ ਇਹ ਰਡਾਰ ਤੋਂ ਗਾਇਬ ਹੋ ਗਿਆ।” ਸਲਮਾਂਕਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। ਪੈਟਰੋ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਕਿਹਾ, “ਇਸ ਹਾਦਸੇ ਵਿੱਚ ਮਾਰੇ ਗਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ।”