ਪੰਜਾਬ ’ਚ ਸਿਹਤ ਸੇਵਾਵਾਂ ’ਚ ਆਇਆ ਕ੍ਰਾਂਤੀਕਾਰੀ ਬਦਲਾਅ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ , 22 ਫਰਵਰੀ | ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਲੋਕ ਹਿੱਤ ਵਿਚ ਸਿਹਤ ਸੇਵਾਵਾਂ ਵਿਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ, ਜਿਸ ਨਾਲ ਸੂਬਾ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਹ ਅੱਜ ਸਿਵਲ ਹਸਪਤਾਲ ਦਫ਼ਤਰ ਵਿਚ ਆਮ ਆਦਮੀ ਕਲੀਨਿਕਾਂ ਲਈ ਨਿਯੁਕਤ ਕੀਤੇ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਲਈ 21 ਡਾਕਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੁਣ ਤੱਕ ਖੁੱਲ੍ਹੇ 700 ਆਮ ਆਦਮੀ ਕਲੀਨਿਕਾਂ ਦਾ ਕਰੀਬ 35 ਲੱਖ ਲੋਕ ਲਾਭ ਲੈ ਚੁੱਕੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਡੋਰ ਸਟੈਪ ’ਤੇ ਗੁਣਵੱਤਾਪੂਰਨ ਸਿਹਤ ਸੁਵਿਧਾਵਾਂ ਦੇਣ ਦੇ ਉਦੇਸ਼ ਨਾਲ ਸੂਬੇ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਸ ਨੇ ਪੰਜਾਬ ਸਰਕਾਰ ਦੇ ਸਿਹਤਮੰਦ ਪੰਜਾਬ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਲੋਕਾਂ ਦਾ ਜਿਥੇ ਮੁਫ਼ਤ ਇਲਾਜ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਦੇ ਕਈ ਤਰ੍ਹਾਂ ਦੇ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਘੱਟ ਸਮੇਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ, ਜਿਸ ਵਿਚ 600 ਯੂਨਿਟ ਬਿਜਲੀ ਮੁਆਫ਼, ਆਮ ਆਦਮੀ ਕਲੀਨਿਕ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਆਦਿ ਮੁੱਖ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਇਕ ਸਕਾਰਾਤਮਕ ਬਦਲਾਅ ਲਈ ਕੰਮ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਇਕ ਵਧੀਆ ਮਾਹੌਲ ਦਿੱਤਾ ਜਾ ਸਕੇ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ, ਐਸ.ਐਮ.ਓ ਡਾ. ਮਨਮੋਹਨ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।