ਬ੍ਰਿਟੇਨ ਰਹਿੰਦੇ ਭਾਰਤੀ ਨੂੰ 30 ਸਾਲ ਪੁਰਾਣੇ ਮਾਮਲੇ ’ਚ ਉਮਰਕੈਦ, ਮਰੀਨਾ ਦੀ ਮੁੰਦਰੀ ‘ਚ ਫਸਿਆ ਮਿਲਿਆ ਸੀ ਮੁਲਜ਼ਮ ਦਾ ਵਾਲ
ਲੰਡਨ , 18 ਫਰਵਰੀ । ਬਿ੍ਰਟੇਨ ਵਿਚ 30 ਸਾਲ ਪਹਿਲਾਂ ਦੋ ਬੱਚਿਆਂ ਦੀ ਮਾਂ 39 ਸਾਲਾ ਮਰੀਨਾ ਕੋਪਲ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਸੰਦੀਪ ਪਟੇਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਂਚ ਕਰਨ ਵਾਲਿਆਂ ਨੂੁੰ ਮਰੀਨਾ ਦੀ ਮੁੰਦਰੀ ਵਿਚ ਫਸਿਆ ਵਾਲ ਮਿਲਿਆ ਸੀ। ਵਾਲ ਦੀ ਨਵੀਂ ਡੀਐੱਨਏ ਤਕਨੀਕ ਨਾਲ ਜਾਂਚ ਵਿਚ ਸੰਦੀਪ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ। ਕਤਲ ਦੇ ਸਮੇਂ ਸੰਦੀਪ ਇਕ ਸਟੋਰ ’ਤੇ ਕੰਮ ਕਰਦਾ ਸੀ।
ਸੰਦੀਪ ਨੇ ਅੱਠ ਅਗਸਤ 1994 ਨੂੰ ਵੈਸਟਮਿੰਸਟਰ ਦੇ ਫਲੈਟ ਵਿਚ ਮਰੀਨਾ ਨੂੰ 140 ਤੋਂ ਵੱਧ ਵਾਰ ਚਾਕੂ ਮਾਰੇ ਸਨ। ਓਲਡ ਬੈਲੇ ਕੋਰਟ ਵਿਚ ਕਤਲ ਲਈ ਸੰਦੀਪ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਤੇ ਉਸ ਨੂੰ ਸਜ਼ਾ ਸੁਣਾਉਂਦੇ ਹੋਏ ਜਸਟਿਸ ਕੈਵਨਾਘ ਨੇ ਕਿਹਾ, ‘ਇਹ ਸਜ਼ਾ ਮਰੀਨਾ ਦੇ ਪਰਿਵਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ’। ਫਲੈਟ ਵਿਚ ਪੁੱਜਣ ਤੋਂ ਬਾਅ ਮਰੀਨਾ ਦੇ ਪਤੀ ਨੂੰ ਖ਼ੂਨ ਨਾਲ ਲਥਪਥ ਉਸ ਦੀ ਲਾਸ਼ ਮਿਲੀ ਸੀ ਤੇ ਉਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਘਟਨਾ ਸਥਾਨ ਦੀ ਜਾਂਚ ਵਿਚ ਪੁਲਿਸ ਨੂੰ ਪਲਾਸਟਿਕ ਦਾ ਸ਼ਾਪਿੰਗ ਬੈਗ ਮਿਲਿਆ, ਜਿਸ ’ਤੇ ਸੰਦੀਪ ਦੀਆਂ ਉਂਗਲਾਂ ਦੇ ਨਿਸ਼ਾਨ ਸਨ। ਜਿਸ ਹੱਟੀ ਤੋਂ ਬੈਗ ਆਇਆ ਸੀ, ਉਥੇ ਸੰਦੀਪ ਕੰਮ ’ਤੇ ਲੱਗਾ ਹੋਇਆ ਸੀ। ਇਸ ਲਈ ਉਸ ਦੀਆਂ ਉਂਗਲਾਂ ਦੇ ਨਿਸ਼ਾਨ ’ਤੇ ਵਿਚਾਰ ਨਹੀਂ ਕੀਤਾ ਗਿਆ ਸੀ ਤੇ ਕਈ ਵਰਿ੍ਹਆਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਸਕਿਆ ਸੀ।