ਪਰਵਾਸੀ ਪੰਜਾਬੀਆਂ ਨੇ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਨਿਵੇਸ਼ ਵਿੱਚ ਦਿਖਾਈ ਦਿਲਚਸਪੀ
ਪਠਾਨਕੋਟ , 3 ਫਰਵਰੀ | ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਐਨ.ਆਰ.ਆਈ. ਮਿਲਣੀ ਦੌਰਾਨ ਪਰਵਾਸੀ ਭਾਰਤੀਆਂ ਨੇ ਸੂਬੇ ਵਿੱਚ ਨਿਵੇਸ਼ ਲਿਆਉਣ ਲਈ ਹੋ ਰਹੀਆਂ ਸੰਗਠਿਤ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਫਰਾਂਸ ਵਿੱਚ ਪਿਛਲੇ 28 ਸਾਲ ਤੋਂ ਵਸੇ ਟਾਂਡਾ ਦੇ ਦਲਵਿੰਦਰ ਸਿੰਘ ਨੇ ਕਿਹਾ ਕਿ ਉਹ ਟਾਂਡਾ ਵਿੱਚ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹਨ ਕਿਉਂਕਿ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਵਿੱਚ ਪਰਵਾਸ ਨੂੰ ਪੁੱਠਾ ਗੇੜ ਸ਼ੁਰੂ ਹੋ ਗਿਆ ਹੈ। ਦਲਵਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਐਨ.ਆਰ.ਆਈਜ਼. ਦਾ ਸਰਕਾਰ ਪ੍ਰਤੀ ਭਰੋਸਾ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਪਿੰਡਾਂ ਦੀ ਮਜ਼ਬੂਤੀ ਲਈ ਵੀ ਐਨ.ਆਰ.ਆਈਜ਼. ਪੰਜਾਬ ਸਰਕਾਰ ਨੂੰ ਹਰ ਯੋਗ ਸਹਾਇਤਾ ਦੇਣ ਲਈ ਵਚਨਬੱਧ ਹਨ।
ਅਮਰੀਕਾ ਦੇ ਨਿਊ ਯਾਰਕ ਵਿਚ ਵਸੇ ਮੁਕੇਰੀਆਂ ਦੇ ਸੇਵਾ ਸਿੰਘ ਨੇ ਕਿਹਾ ਕਿ ਐਨ.ਆਰ. ਆਈਜ਼. ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਵਸੇ ਉਨ੍ਹਾਂ ਦੇ ਬੱਚੇ ਅਕਸਰ ਪੰਜਾਬ ਆਉਂਦੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਦੇ ਕੰਮਕਾਜ ਅਤੇ ਐਨ.ਆਰ. ਆਈਜ਼. ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਬਹੁਤ ਖ਼ੁਸ਼ ਹਨ।
ਸਮਾਗਮ ਵਿਚ ਲੰਡਨ ਦੇ ਵਸਨੀਕ ਸਤਵਿੰਦਰ ਸਿੰਘ ਸੱਗੂ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਪਹੁੰਚੇ। ਸ. ਸੱਗੂ ਮੂਲ ਤੌਰ ‘ਤੇ ਜਲੰਧਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐਨ.ਆਰ. ਆਈਜ਼. ਲਈ ਜੋ ਸੁਖਾਲਾ ਮਾਹੌਲ ਬਣਾਇਆ ਹੈ, ਇਸ ਲਈ ਉਹ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪ 50 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਕਰਨਾ ਚਾਹੁੰਦੇ ਹਨ।
ਇਸ ਦੌਰਾਨ ਲੰਡਨ ਵਿਚ ਵਸੇ ਫਗਵਾੜਾ ਦੇ ਹਰੀਸ਼ ਦਾਸ ਨੇ ਵੀ ਨਿਵੇਸ਼ ਨੂੰ ਲੈ ਕੇ ਪੰਜਾਬ ਨੂੰ ਬਹੁਤ ਬਿਹਤਰ ਸਥਾਨ ਦੱਸਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵਸੇ ਹੋਰ ਐਨ.ਆਰ. ਆਈਜ਼. ਭਰਾ ਹੁਣ ਪੰਜਾਬ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਮਜ਼ਬੂਤੀ ਨਾਲ ਪਰਵਾਸੀ ਭਾਰਤੀਆਂ ਦੀ ਬਾਂਹ ਫੜੀ ਹੈ।
ਇਸ ਦੌਰਾਨ ਜੋਗਿੰਦਰ ਸੰਧੂ ਜੋ ਕਿ ਲੰਬੇ ਸਮੇਂ ਤੋਂ ਫਰਾਂਸ ਵਿੱਚ ਵਸੇ ਹਨ ਅਤੇ ਹੁਸ਼ਿਆਰਪੁਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਐਨ.ਆਰ. ਆਈ. ਮਿਲਣੀ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮਸਲਿਆਂ ਦਾ ਸਮਾਂਬੱਧ ਤਰੀਕੇ ਨਾਲ ਹੱਲ ਕਰੇਗੀ।
ਹੁਸ਼ਿਆਰਪੁਰ ਦੇ ਦਸੂਹਾ ਸਬ ਡਿਵੀਜ਼ਨ ਦੇ ਪਿੰਡ ਨਿਹਾਲਪੁਰ ਦੇ ਰਹਿਣ ਵਾਲੇ ਡਾ. ਹਰਮਿੰਦਰ ਸਿੰਘ ਯੂ.ਐਸ.ਏ. ਦੇ ਕੈਲੇਫੋਰਨੀਆ ਵਿੱਚ ਵਸੇ ਹਨ ਅਤੇ ਪਹਿਲੀ ਵਾਰ ਪਰਵਾਸੀ ਭਾਰਤੀ ਮਿਲਣੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਹਰੇਕ ਐਨ.ਆਰ.ਆਈ. ਆਪਣੀਆਂ ਜੜ੍ਹਾਂ ਨਾਲ ਜੁੜਿਆ ਹੈ ਅਤੇ ਪੰਜਾਬ ਦੀ ਖ਼ੁਸ਼ਹਾਲੀ ਨਾਲ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
ਅਜਨਾਲਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਜੋ ਕਿ ਕੈਨੇਡਾ ਵਿੱਚ ਵਸੇ ਹਨ, ਨੇ ਕਿਹਾ ਕਿ ਇਸ ਪੰਜਾਬੀ ਐਨ.ਆਰ.ਆਈ. ਮਿਲਣੀ ਵਿੱਚ ਜਿੱਥੇ ਉਹ ਸਰਕਾਰ ਦਾ ਧੰਨਵਾਦ ਕਰਨ ਪਹੁੰਚੇ ਹਨ, ਉੱਥੇ ਆਪਣੀਆਂ ਸਮੱਸਿਆਵਾਂ ਵੀ ਲੈ ਕੇ ਆਏ ਹਨ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਹੋਵੇਗਾ।
ਕੈਨੇਡਾ ਵਿਚ ਵਸੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਾ. ਰਾਜੇਸ਼ ਕਾਲੀਆ ਨੇ ਕਿਹਾ ਕਿ ਉਹ ਪਹਿਲੀ ਵਾਰ ਆਪਣੀ ਸਮੱਸਿਆ ਲੈ ਕੇ ਐਨ.ਆਰ.ਆਈ ਮਿਲਣੀ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਸੂਬੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਨਾ ਸਿਰਫ਼ ਪੰਜਾਬ ਵਾਸੀਆਂ ਦਾ ਬਲਕਿ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦਾ ਵੀ ਪੰਜਾਬ ਸਰਕਾਰ ਦੇ ਲਈ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਐਨ.ਆਰ.ਆਈ. ਮਹਿਸੂਸ ਕਰ ਰਿਹਾ ਹੈ ਕਿ ਉਸ ਦੇ ਮਸਲੇ ਛੇਤੀ ਤੋਂ ਛੇਤੀ ਹੱਲ ਹੋਣਗੇ।
16 ਸਾਲ ਤੋਂ ਫਰਾਂਸ ਵਿੱਚ ਵਸੇ ਜਲੰਧਰ ਦੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਵਾਸ ਨੂੰ ਪੁੱਠਾ ਗੇੜ ਆਉਣ ਦੀ ਗੱਲ ਕਹੀ ਸੀ ਅਤੇ ਇਸ ਗੱਲ ਨੂੰ ਸੱਚ ਸਿੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਮੁੜ ਕੇ ਵਸਣਾ ਚਾਹੁੰਦੇ ਹਾਂ ਅਤੇ ਇਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸਾਰੂ ਸੋਚ ਨੂੰ ਜਾਂਦਾ ਹੈ।