ਲੋਕਾਂ ਤੱਕ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਤੇ ਲਾਭ ਪਹੁੰਚਾਉਣ ’ਚ ਸਹਾਈ ਹੋਣਗੇ ‘ਜਨ ਸੁਣਵਾਈ ਕੈਂਪ’-ਡਿਪਟੀ ਕਮਿਸ਼ਨਰ

ਮਾਨਸਾ , 24 ਜਨਵਰੀ | ਲੋਕਾਂ ਤੱਕ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਤੇ ਲਾਭ ਪਹੁੰਚਾਉਣ ਵਿਚ ‘ਜਨ ਸੁਣਵਾਈ ਕੈਂਪ’ ਸਹਾਈ ਹੋਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਪਾਸੋਂ ਪਿਛਲੇ ਦਿਨਾਂ ਦੌਰਾਨ ਲਗਾਏ ਗਏ ਜਨ ਸੁਣਵਾਈ ਕੈਂਪਾਂ ਦੌਰਾਨ ਪ੍ਰਾਪਤ ਦਰਖ਼ਾਸਤਾਂ ਦੀ ਸਮੀਖਿਆ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 30 ਜਨਵਰੀ ਤੋਂ ਸਬ ਡਵੀਜ਼ਨ ਪੱਧਰ ’ਤੇ ਜਨ ਸੁਣਵਾਈ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਲੋਕਾਂ ਦੇ ਕੰਮਾਂ ਬਾਰੇ ਦਰਖ਼ਾਸਤਾਂ ਪ੍ਰਾਪਤ ਕਰਨਗੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੈਂਪ ਵਾਲੀ ਥਾਂ ’ਤੇ ਆਪਣੇ ਸਬੰਧਤ ਵਿਭਾਗ ਦੀਆਂ ਸਕੀਮਾਂ ਬਾਰੇ ਫਲੈਕਸ ਲਗਾਏ ਜਾਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਇੰਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ।
ਉਨ੍ਹਾਂ ਕਿਹਾ ਕਿ ‘ਜਨ ਸੁਣਵਾਈ ਕੈਂਪ’ ਦੌਰਾਨ ਲੋਕਾਂ ਪਾਸੋਂ ਵੱਖ ਵੱਖ ਕੰਮਾਂ ਸਬੰਧੀ ਦਰਖ਼ਾਸਤਾਂ ਪ੍ਰਾਪਤ ਕਰਨ ਲਈ ਲੋੜੀਂਦੇ ਫਾਰਮ ਉਪਲਬਧ ਰੱਖੇ ਜਾਣ। ਉਨ੍ਹਾਂ ਕਿਹਾ ਕਿ ਇਸ ਮੌਕੇ ਇਕ ‘ਪੁੱਛ ਗਿੱਛ ਡੈਸਕ’ ਸਥਾਪਿਤ ਕੀਤਾ ਜਾਵੇ ਜਿੱਥੇ ਲੋਕ ਆਪਣੇ ਕੰਮ ਸਬੰਧੀ ਜਾਣਕਾਰੀ ਲੈ ਕੇ ਸਬੰਧਤ ਕਾਊਂਟਰ ’ਤੇ ਪਹੁੰਚ ਕੇ ਆਪਣੀ ਦਰਖ਼ਾਸਤ ਦੇ ਸਕਣ।
ਡਿਪਟੀ ਕਮਿਸ਼ਨਰ ਨੇ ਪਿਛਲੇ ਦਿਨਾਂ ਦੌਰਾਨ ਲਗਾਏ ਗਏ ਜਨ ਸੁਣਵਾਈ ਕੈਂਪਾਂ ਦੌਰਾਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਦੀ ਸਮੀਖਿਆ ਕਰਦਿਆਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਦਰਖ਼ਾਸਤਾਂ ਦਾ ਸਮਾਂਬੱਧ ਨਿਪਟਾਰਾ ਕਰਦਿਆਂ ਦਰਖ਼ਾਸਤੀ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇ ਅਤੇ ਜੇਕਰ ਕਿਸੇ ਦਰਖ਼ਾਸਤ ਵਿਚ ਕੋਈ ਤਰੁੱਟੀ ਹੈ ਤਾਂ ਉਸ ਨੂੰ ਪੂਰਾ ਕਰਵਾ ਕੇ ਨਿਪਟਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਜਨ ਸੁਣਵਾਈ ਕੈਂਪਾਂ ਵਿਚ ਸ਼ਿਰਕਤ ਕਰਕੇ ਆਪਣੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮ ਕਰਵਾਉਣ ਅਤੇ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ, ਜ਼ਿਲ੍ਹਾ ਮਾਲ ਅਫ਼ਸਰ ਬਾਦਲਦੀਨ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗੀ ਅਧਿਕਾਰੀ ਮੌਜੂਦ ਸਨ।

About The Author

error: Content is protected !!