ਡੇਅਰੀ ਵਿਕਾਸ ਵਿਭਾਗ ਵਲੋਂ ਬਲਾਕ ਪੱਧਰੀ ਸੈਮੀਨਾਰ ਆਯੋਜਿਤ

ਲੁਧਿਆਣਾ , 05 ਜਨਵਰੀ | ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਲੁਧਿਆਣਾ-2 ਵਿਖੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਲੁਧਿਆਣਾ ਵੱਲੋਂ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ।

ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਦੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਿਵੇਕ ਸੱਥ, ਗਹਿਲੇਵਾਲ ਵਿਖੇ ਆਯੋਜਿਤ ਸੈਮੀਨਾਰ ਮੌਕੇ ਪਿੰਡ ਗਹਿਲੇਵਾਲ ਅਤੇ ਨੇੜਲੇ ਪਿੰਡਾਂ ਦੇ 250 ਦੇ ਕਰੀਬ ਕਿਸਾਨਾਂ ਵੱਲੋਂ ਸ਼ਾਮਲ ਹੋ ਕੇ  ਦੁੱਧ ਉਤਪਾਦਨ ਦੇ ਖੇਤਰ ਵਿੱਚ ਵੱਡਮੁੱਲੀ ਜਾਣਕਾਰੀ ਹਾਸਲ ਕੀਤੀ ਗਈ।

ਇਸ ਸੈਮੀਨਾਰ ਦੌਰਾਨ ਦਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਲੁਧਿਆਣਾ ਵੱਲੋਂ ਡੇਅਰੀ ਫਾਰਮਰਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਵਿਭਾਗੀ ਸਕੀਮਾਂ ਜਿਵੇਂ ਕਿ ਡੀਡੀ 8, ਕੈੱਟਲ ਸੈੱਡ, ਮਿਲਕਿੰਗ ਮਸ਼ੀਨ ਆਦਿ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਕਿ ਵਿਭਾਗ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਹਮੇਸ਼ਾ ਤੱਤਪਰ ਹੈ।

ਇਸ ਦੌਰਾਨ ਰਾਸ਼ਟਰੀ ਪਸ਼ੂ ਧਨ ਮਿਸ਼ਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਹਾਈਟੈੱਕ ਮਸ਼ੀਨਰੀ, ਚਾਰਾ ਪ੍ਰਬੰਧਨ, ਸਾਈਲੇਜ ਬੇਲਰ ਅਤੇ ਰੈਪਰ ਮਸ਼ੀਨ, ਟੀ.ਐਮ.ਆਰ ਆਦਿ ਤੇ ਮਿਲ ਰਹੀ 50% ਰਿਆਇਤ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕੇ।

ਸਟੇਟ ਬੈਂਕ ਆਫ ਇੰਡੀਆ ਦੇ ਨੁਮਾਇੰਦਿਆਂ ਵੱਲੋਂ ਮੁਦਰਾ ਅਤੇ ਸਟਾਰਟਪ ਇੰਡੀਆ ਅਧੀਨ ਮਿਲ ਰਹੀਆਂ ਕਰਜ਼ਾ ਯੋਜਨਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਭਾਰਤ ਸਰਕਾਰ ਦੇ ਵਿੱਤੀ ਸਾਖਰਤਾ ਅਤੇ ਪ੍ਰਬੰਧਨ ਟੀਚੇ ਅਧੀਨ ਹਰ ਡੇਅਰੀ ਫਾਰਮਰ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇ।

ਇਸ ਸੈਮੀਨਾਰ ਵਿੱਚ ਸ਼ਾਮਲ ਹੋਏ ਡੇਅਰੀ ਉਤਪਾਦਕਾਂ ਨੂੰ ਰਜਿਸਟ੍ਰੇਸ਼ਨ ਸਮੇਂ ਲਿਟਰੇਚਰ ਕਿੱਟ, ਚਾਹ ਬਿਸਕੁਟ, ਪ੍ਰਤੀ ਕਿਸਾਨ 2 ਕਿਲੋਂ ਮਿਨਰਲ ਮਿਕਚਰ ਪ੍ਰਤੀ ਉਤਪਾਦਕ ਅਤੇ ਦੁਪਹਿਰ ਦਾ ਖਾਣਾ ਮੁਫਤ ਮੁਹੱਈਆ ਕਰਵਾਇਆ ਗਿਆ।

ਇਸ ਸੈਮੀਨਾਰ ਦੌਰਾਨ ਵੱਖ-ਵੱਖ ਕੰਪਨੀਆਂ ਜਿਵੇਂ ਕਿ ਸ਼ਕਤੀਮਾਨ ਹਾਰਵੈਸਟਰ, ਵੈਨਸਨ, ਰਿੱਚ ਫੌਡਰ ਨਿਊਟਰੀਸ਼ਨ, ਸਿਜ਼ੈਂਟਾ ਸੀਡਜ਼ ਆਦਿ ਨੇ ਆਪਣੀ ਪ੍ਰਦਰਸ਼ਨੀ ਵੀ ਲਗਾਈ।

ਇਹ ਸੈਮੀਨਾਰ ਆਪਣੀ ਖੇਤੀ ਵੱਲੋ ਰਿਕਾਰਡ ਕੀਤਾ ਗਿਆ ਅਤੇ ਇਸ ਨੂੰ ਆਪਣੀ ਖੇਤੀ ਐਪ ਤੇ ਵੇਖਿਆ ਜਾ ਸਕੇਗਾ। ਇਸ ਸੈਮੀਨਾਰ ਦੇ ਅੰਤ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਲੁਧਿਆਣਾ ਅਤੇ ਉਹਨਾਂ ਦੇ ਸਮੂਹ ਸਟਾਫ ਵੱਲੋਂ ਉਚੇਚੇ ਤੌਰ ‘ਤੇ ਡੇਅਰੀ ਫਾਰਮਰਾਂ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਨੀਦਰਲੈਂਡ ਤੋ ਮਿਸਟਰ ਐਡਮਾਰਕਸ (ਪੰਮ ਕੰਪਨੀ) ਬਲਵਿੰਦਰ ਸਿੰਘ ਪੰਧੇਰ (ਰਿਟਾ. ਡਿਪਟੀ ਡਾਇਰੈਕਟਰ) ਸੁਰਜੀਤ ਸਿੰਘ (ਰਿਟਾ. ਮੈਨੇਜਰ ਵੇਰਕਾ)  ਗੁਰਪਾਲ ਸਿੰਘ (ਵਿਵੇਕ ਸੱਥ ਗਹਿਲੇਵਾਲ), ਜਸਦੀਪ ਸਿੰਘ ਅਤੇ ਹੋਰ  ਅਧਿਕਾਰੀ ਸ਼ਾਮਲ ਹੋਏ।

About The Author