ਜੇਲ੍ਹ ‘ਚ ਬੰਦ ਇਮਰਾਨ ਖਾਨ ਨੇ AI ਰਾਹੀਂ ਲੋਕਾਂ ਤੋਂ ਮੰਗੀ ਵੋਟ, ਯੂਟਿਊਬ ‘ਤੇ 1.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਭਾਸ਼ਣ
ਇਸਲਾਮਾਬਾਦ , 18 ਦਸੰਬਰ । ਪਾਕਿਸਤਾਨ ‘ਚ ਜਲਦ ਹੀ ਆਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਲਈ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਅਤੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਪੀ.ਐੱਮ.ਐੱਲ.) ਪਾਰਟੀ ਨੇ ਚੋਣ ਪ੍ਰਚਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੇਸ਼ ਵਿੱਚ ਆਮ ਚੋਣਾਂ 8 ਫਰਵਰੀ ਨੂੰ ਹੋਣੀਆਂ ਹਨ। ਇਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਵਿੱਚ ਹਨ ਅਤੇ ਉਹ ਲੋਕਾਂ ਤੋਂ ਵੋਟਾਂ ਮੰਗਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰ ਰਹੇ ਹਨ।
ਸਮਾਚਾਰ ਏਜੰਸੀ ਰਾਇਟਰਜ਼ ਦੇ ਅਨੁਸਾਰ, ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਇੱਕ ਇੰਟਰਨੈਟ ਰੈਲੀ ਦੌਰਾਨ ਇਮਰਾਨ ਖਾਨ ਦੇ ਭਾਸ਼ਣ ਦੀ ਇੱਕ ਏਆਈ ਦੁਆਰਾ ਤਿਆਰ ਕੀਤੀ ਗਈ ਆਡੀਓ ਕਲਿੱਪ ਉਨ੍ਹਾਂ ਦੀ ਇੱਕ ਫੋਟੋ ਉੱਤੇ ਚਲਾਈ ਗਈ ਸੀ। ਇਮਰਾਨ ਖਾਨ ਦੇ ਇਸ ਆਡੀਓ ਨੂੰ ਯੂਟਿਊਬ ‘ਤੇ 1.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਤੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਹੋਰ ਸੋਸ਼ਲ ਮੀਡੀਆ ‘ਤੇ ਲਾਈਵ ਦੇਖਿਆ। ਇਸ ਆਡੀਓ ਕਲਿੱਪ ਰਾਹੀਂ ਇਮਰਾਨ ਖਾਨ ਨੇ ਸਮਰਥਕਾਂ ਨੂੰ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ‘ਚ ਵੱਡੀ ਗਿਣਤੀ ‘ਚ ਵੋਟ ਪਾਉਣ ਦੀ ਅਪੀਲ ਕੀਤੀ ਹੈ।